ਧਨੌਲਾ, 19 ਫਰਵਰੀ (ਚਮਕੌਰ ਸਿੰਘ ਗੱਗੀ)-ਵਿਧਾਨ ਸਭਾ ਹਲਕਾ ਬਰਨਾਲਾ ਦੀ ਹੋਈ ਜਿਮਨੀ ਚੋਣ ਤੋਂ ਪਹਿਲਾ ਨਗਰ ਧਨੌਲਾ ਦੇ ਵਿਕਾਸ ਲਈ ਦਿੱਤੀ ਵੀਹ ਕਰੋੜ ਰੁਪਏ ਦੀ ਗ੍ਰਾਂਟ ਅਧੀਨ ਬਣ ਰਹੇ ਇਨਡੋਰ ਸਟੇਡਿਅਮ ਦੀ ਜਗ੍ਹਾ ਹੁਣ ਤਬਦੀਲ ਕਰ ਦਿੱਤੀ ਗਈ ਹੈ, ਇਨਡੋਰ ਸਟੇਡੀਅਮ ਹੁਣ ਟੈਲੀਫੋਨ ਐਕਸਚੇਂਜ ਦੇ ਨਾਲ ਨਹੀਂ ਪੱਕੇ ਬਾਗ਼ ਵਿੱਚ ਬਣੇਗਾ। ਕਾਬਲੇਗ਼ੌਰ ਹੈ ਕਿ ਵਿਧਾਨ ਸਭਾ ਹਲਕਾ ਬਰਨਾਲਾ ਦੀ ਹੋਈ ਜਿਮਨੀ ਚੋਣ ਤੋਂ ਪਹਿਲਾਂ ਨਗਰ ਧਨੌਲਾ ਦੇ ਵਿਕਾਸ ਸਮੇਤ ਇਨਡੋਰ ਸਟੇਡੀਅਮ ਅਤੇ ਕਮਿਊਨਿਟੀ ਹਾਲ ਬਣਾਉਣ ਲਈ ਮੁੱਖ ਮੰਤਰੀ ਪੰਜਾਬ ਵੱਲੋਂ ਵੀਹ ਕਰੋੜ ਰੁਪਏ ਜਾਰੀ ਕੀਤੇ ਗਏ ਸਨ, ਜਿਸ ਨਾਲ ਧਨੌਲਾ ਵਿੱਚ ਇੱਕ ਕਰੋੜ ਰੁਪਏ ਦੀ ਲਾਗਤ ਨਾਲ ਆਲੀਸ਼ਾਨ ਇਨਡੋਰ ਸਟੇਡੀਅਮ ਬਣਾਇਆ ਜਾਣਾ ਸੀ, ਜਿਸ ਦਾ ਨੀਂਹ ਪੱਥਰ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਪੂਰੇ ਲਾਮ ਲਸ਼ਕਰ ਸਣੇ ਰੱਖੇ ਗਏ ਸਨ, ਤੇ ਇਲਾਕੇ ਵਿੱਚ ਪੂਰੀ ਵਾਹ ਵਾਹ ਖੱਟੀ ਸੀ, ਜਿਸ ਤੋਂ ਬਾਦ ਇੱਕ ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਟੇਡੀਅਮ ਦੀ ਡਰਾਇੰਗ ਵੀ ਬਣਾ ਲਈ ਸੀ, ਤੇ ਕੰਮ ਵੀ ਸੁਰੂ ਹੋਣ ਵਾਲਾ ਸੀ, ਪਰ ਸਿਹਤ ਵਿਭਾਗ ਵੱਲੋਂ ਜਗ੍ਹਾ ਤੇ ਆਪਣਾ ਦਾਅਵਾ ਪੇਸ਼ ਕਰਦੇ ਹੋਏ ਨਗਰ ਕੌਂਸਲ ਦੇ ਇਨਡੋਰ ਸਟੇਡੀਅਮ ਨੂੰ ਬ੍ਰੇਕਾਂ ਲਵਾ ਦਿੱਤੀਆਂ। ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਜਲਦਬਾਜੀ ਵਿੱਚ ਰੱਖੇ ਨੀਂਹ ਪੱਥਰ ਤੇ ਸਿਹਤ ਵਿਭਾਗ ਵੱਲੋਂ ਰੋਕ ਲਾ ਦਿੱਤੀ ਗਈ ਹੈ। ਸਿਹਤ ਵਿਭਾਗ ਦਾ ਕਹਿਣਾ ਹੈ ਕਿ ਇਹ ਜਗ੍ਹਾ ਸਿਹਤ ਵਿਭਾਗ ਦੀ ਹੈ, ਇਹ ਵੀ ਪਤਾ ਲੱਗਾ ਹੈ ਕਿ ਸਿਹਤ ਵਿਭਾਗ ਨੇ ਨਗਰ ਕੌਂਸਲ ਨੂੰ ਕਿਹਾ ਕਿ ਇਹ ਜਗਾ ਸਾਡੇ ਤੋਂ ਖਰੀਦ ਕੀਤੀ ਜਾਵੇ ਜਾਂ ਲੀਜ ’ਤੇ ਲਈ ਜਾਵੇ, ਜਿਸ ਤੋਂ ਬਾਅਦ ਨਗਰ ਕੌਂਸਲ ਵੱਲੋਂ ਜਗਾ ਤਬਦੀਲ ਕਰਨ ਦਾ ਫੈਸਲਾ ਕੀਤਾ ਗਿਆ। ਇਨਡੋਰ ਸਟੇਡੀਅਮ ਹੁਣ ਪੱਕਾ ਬਾਗ਼ ਵਿੱਚ ਨਗਰ ਕੌਂਸਲ ਦਫਤਰ ਦੇ ਬਿਲਕੁਲ ਪਿਛਲੇ ਪਾਸੇ ਬਾਸਕਟ ਬਾਲ ਗਰਾਊਂਡ ਵਾਲੀ ਜਗ੍ਹਾ ’ਤੇ ਬਣੇਗਾ, ਜਿਸ ਸਬੰਧੀ ਅਧਿਕਾਰੀਆਂ ਵੱਲੋਂ ਮਿਣਤੀਆਂ ਗਿਣਤੀਆਂ ਸ਼ੁਰੂ ਕਰ ਦਿੱਤੀਆਂ ਹਨ, ਤੇ ਨਕਸ਼ਾ ਦੁਬਾਰਾ ਬਣਾਉਣ ਲਈ ਚਾਰਾਜੋਈ ਸ਼ੁਰੂ ਕੀਤੀ ਗਈ ਹੈ, ਇਨਡੋਰ ਸਟੇਡੀਅਮ ਜਗ੍ਹਾ ਤਬਦੀਲ ਹੋਣ ਤੋਂ ਬਾਅਦ ਬਣ ਕੇ ਤਿਆਰ ਹੋਵੇਗਾ ਜਾਂ ਅੱਧ ਵਿਚਕਾਰ ਲਮਕੇਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ।