ਗੁਰਦਾਸਪੁਰ : ਸ਼ਹਿਰ ਦੇ ਮੈਰਿਜ ਪੈਲੇਸ ਵਿੱਚ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਲੜਕੀ ਵਾਲੇ ਪੂਰੀ ਤਿਆਰੀਆਂ ਨਾਲ ਬਰਾਤ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ ਪਰ ਲੰਬੀ ਉਡੀਕ ਦੇ ਬਾਅਦ ਵੀ ਐੱਨਆਰਆਈ ਲਾੜਾ ਬਰਾਤ ਲੈ ਕੇ ਨਹੀਂ ਪਹੁੰਚਿਆ। ਇੰਨਾ ਹੀ ਨਹੀਂ ਲਾੜੇ ਨੇ ਆਪਣਾ ਮੋਬਾਈਲ ਫੋਨ ਵੀ ਬੰਦ ਕਰ ਦਿੱਤਾ ਜਿਸ ਤੋਂ ਬਾਅਦ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਨਾਲ ਸੰਪਰਕ ਕੀਤਾ। ਪੀੜਤ ਪਰਿਵਾਰ ਨੇ ਐੱਸਐੱਸਪੀ ਸਾਹਮਣੇ ਆਪਣੇ ਨਾਲ ਵਾਪਰੇ ਇਸ ਭਾਣੇ ਬਾਰੇ ਲਿਖਤੀ ਰੂਪ ਵਿੱਚ ਦੱਸਿਆ ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਸ਼ਿਕਾਇਤ ਦਰਜ ਕੀਤੀ। ਪੁਲਿਸ ਵੱਲੋਂ ਲਾੜੇ ਦੀ ਭਾਲ ਵਾਸਤੇ ਉਸ ਦੇ ਵਿਰੁੱਧ ਲੁਕ ਆਉਟ ਸਰਕੁਲਰ (ਐੱਲਓਸੀ) ਵੀ ਜਾਰੀ ਕਰ ਦਿੱਤਾ ਗਿਆ ਹੈ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਜਿੱਥੇ ਉਨ੍ਹਾਂ ਦੀ ਧੀ ਦੀ ਜ਼ਿੰਦਗੀ ਬਰਬਾਦ ਹੋ ਗਈ ਹੈ, ਉੱਥੇ ਹੀ ਉਨ੍ਹਾਂ ਨੂੰ ਵਿਆਹ 'ਤੇ ਲੱਖਾਂ ਰੁਪਏ ਦਾ ਨੁਕਸਾਨ ਵੀ ਹੋਇਆ ਹੈ। ਉਨ੍ਹਾਂ ਨੇ ਮੁਲਜ਼ਮ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਲਾੜੀ ਦੇ ਮਾਮਾ ਦਰਬਾਰੀ ਲਾਲ ਨੇ ਦੱਸਿਆ ਕਿ ਪੀੜਤ ਪਰਿਵਾਰ ਸੋਹਲ ਪਿੰਡ ਦਾ ਰਹਿਣ ਵਾਲਾ ਹੈ। ਮੁੰਡੇ ਦਾ ਪਰਿਵਾਰ ਕਪੂਰਥਲੇ ਰਹਿੰਦਾ ਹੈ। ਮੁਲਜ਼ਮ ਦਾ ਪਿਤਾ ਇੱਕ ਫੈਕਟਰੀ ਵਿੱਚ ਕੰਮ ਕਰਦਾ ਹੈ ਜਦੋਂ ਕਿ ਲਾੜਾ ਕੈਨੇਡਾ ਵਿੱਚ ਰਹਿੰਦਾ ਹੈ। ਸ਼ਗਨ ਸਮਾਰੋਹ ਕਪੂਰਥਲਾ ਵਿੱਚ ਹੋਇਆ ਸੀ। ਲੜਕੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਮੁੰਡੇ ਦਾ ਪਹਿਲਾਂ ਵੀ ਕਿਸੇ ਲੜਕੀ ਨਾਲ ਰਿਸ਼ਤਾ ਹੋਇਆ ਸੀ। ਇਸ ਦੌਰਾਨ ਲੜਕੀ ਸ਼ਗਨ ਸਮਾਰੋਹ ਵਿੱਚ ਪਹੁੰਚੀ ਸੀ ਅਤੇ ਦਾਅਵਾ ਕੀਤਾ ਸੀ ਕਿ ਮੁੰਡੇ ਦਾ ਉਸ ਨਾਲ ਵਿਆਹ ਹੋਇਆ ਹੈ। ਪਰਿਵਾਰ ਨੇ ਕਿਹਾ ਕਿ ਉਸ ਸਮੇਂ ਮੁੰਡੇ ਵਾਲੇ ਪੱਖ ਨੇ ਉਨ੍ਹਾਂ ਨੂੰ ਇਹ ਕਹਿ ਕੇ ਵਾਪਸ ਭੇਜ ਦਿੱਤਾ ਸੀ ਕਿ ਬਰਾਤ ਦੀ ਤਿਆਰੀ ਕੀਤੀ ਜਾਵੇ, ਉਹ ਸਭ ਕੁਝ ਠੀਕ ਕਰ ਦੇਣਗੇ। ਉਨ੍ਹਾਂ ਦੱਸਿਆ ਕਿ ਬੁੱਧਵਾਰ ਨੂੰ ਪਰਿਵਾਰ ਨੇ ਬਰਾਤ ਦੀਆਂ ਸਾਰੀਆਂ ਤਿਆਰੀਆਂ ਕਰ ਲਈਆਂ ਸਨ। ਉਹ ਪੈਲੇਸ ਵਿੱਚ ਕਾਫ਼ੀ ਦੇਰ ਤੱਕ ਇੰਤਜ਼ਾਰ ਕਰਦੇ ਰਹੇ ਪਰ ਮੁੰਡੇ ਵਾਲੇ ਉੱਥੇ ਨਹੀਂ ਪਹੁੰਚੇ। ਉਨ੍ਹਾਂ ਨੇ ਲਾੜੇ ਨਾਲ ਫ਼ੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਲਾੜੇ ਦਾ ਫ਼ੋਨ ਬੰਦ ਸੀ। ਕਾਫ਼ੀ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਉਹ ਐੱਸਐੱਸਪੀ ਦਫ਼ਤਰ ਪਹੁੰਚੇ ਅਤੇ ਸ਼ਿਕਾਇਤ ਦਰਜ ਕਰਵਾਈ। ਪਰਿਵਾਰ ਨੇ ਪੁਲਿਸ ਨੂੰ ਇਨਸਾਫ਼ ਦਿਵਾਉਣ ਦੀ ਅਪੀਲ ਕੀਤੀ ਹੈ। ਦਰਬਾਰੀ ਲਾਲ ਨੇ ਕਿਹਾ ਕਿ ਐੱਸਐੱਸਪੀ ਨੇ ਲਾੜੇ ਵਿਰੁੱਧ ਐਲਓਸੀ ਜਾਰੀ ਕਰ ਦਿੱਤੀ ਹੈ।