ਲਹਿਰਾਗਾਗਾ : ਦੋ ਭਰਾਵਾਂ ਦੀ ਲੜਾਈ ਹਟਾਉਣੀ ਇੱਕ ਵਿਅਕਤੀ ਨੂੰ ਉਦੋਂ ਮਹਿੰਗੀ ਪਈ, ਜਦੋਂ ਉਸ ਦੀ ਵੱਖੀ ਵਿੱਚ ਤੇਜ਼ ਹਥਿਆਰ ਦਾ ਵਾਰ ਕਰਕੇ ਕਤਲ ਕਰ ਦਿੱਤਾ ਗਿਆ ਜਿਸ ਸਬੰਧੀ ਥਾਣਾ ਛਾਜਲੀ ਵਿਖੇ ਪਰਚਾ ਵੀ ਦਰਜ ਕੀਤਾ ਗਿਆ ਹੈ।ਇਸ ਸਬੰਧੀ ਥਾਣਾ ਛਾਜਲੀ ਮੁਖੀ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ, ਕਿ ਗੁਰਮੀਤ ਕੌਰ ਪਤਨੀ ਅਵਤਾਰ ਸਿੰਘ ਉਰਫ ਤਾਰੀ ਵਾਸੀ ਕੁੱਤੀਵਾਲ ਖੁਰਦ, ਮੌੜ ਮੰਡੀ, ਜ਼ਿਲਾ ਬਠਿੰਡਾ, ਹਾਲ ਆਬਾਦ ਮਹਿਲਾਂ, ਥਾਣਾ ਛਾਜਲੀ ਨੇ ਨਵੰਬਰ ਖਾਨ ਓਰਫ ਜੱਗਾ ਖਿਲਾਫ ਪਰਚਾ ਦਰਜ ਕਰਵਾਇਆ ਹੈ। ਜਿਸ ਵਿੱਚ ਪੀੜਿਤ ਗੁਰਮੀਤ ਕੌਰ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਮੇਰੇ ਗੁਆਂਢੀ ਨਵੰਬਰ ਖਾਂ ਉਰਫ ਜੱਗਾ ਪੁੱਤਰ ਭੂਰਾ ਖਾਂ ਵਾਸੀ ਮਹਿਲਾਂ ਆਪਣੇ ਭਰਾ ਬਾਟਾ ਖਾਨ ਨਾਲ ਲੜਾਈ ਝਗੜਾ ਕਰ ਰਿਹਾ ਸੀ।ਸ਼ਾਮ ਸਾਡੇ ਅੱਠ ਵਜੇ ਦੇ ਕਰੀਬ ਮੇਰਾ ਪਤੀ ਅਵਤਾਰ ਸਿੰਘ ਉਨਾਂ ਨੂੰ ਛਡਾਉਣ ਲਈ ਚਲਾ ਗਿਆ ਉਸ ਸਮੇਂ ਮੈਂ ਅਤੇ ਮੇਰਾ ਲੜਕਾ ਪ੍ਰਭਜੋਤ ਸਿੰਘ ਵੀ ਨਵੰਬਰ ਖਾਨ ਦੇ ਘਰ ਗਏ ਤਾਂ ਲੜਾਈ ਦੌਰਾਨ ਉਨਾਂ ਨੇ ਸਾਡੇ ਦੇਖਦੇ- ਦੇਖਦੇ ਮੇਰੇ ਪਤੀ ਅਵਤਾਰ ਸਿੰਘ ਦੀ ਵੱਖੀ ਦੇ ਖੱਬੇ ਪਾਸੇ ਤਿੱਖੀ ਚੀਜ਼ ਮਾਰੀ।ਉਸ ਦੇ ਵੱਖੀ ਵਾਲੇ ਪਾਸਿਓਂ ਕਾਫੀ ਖੂਨ ਨਿਕਲਣ ਲੱਗਾ। ਜਿਸ ਦੇ ਚਲਦਿਆਂ ਮੈਂ ਅਤੇ ਮੇਰੇ ਲੜਕੇ ਦੇ ਰੌਲ਼ਾ ਪਾਉਣ 'ਤੇ ਨਵੰਬਰ ਖਾਨ ਉਥੋਂ ਭੱਜ ਗਿਆ। ਉਸ ਤੋਂ ਬਾਅਦ ਮੈਂ ਆਪਣੇ ਪਤੀ ਅਵਤਾਰ ਸਿੰਘ ਨੂੰ ਪਿੰਡ ਤੋਂ ਹੀ ਦਵਾਈ ਦਵਾ ਦਿੱਤੀ। ਜਿਸ ਤੋਂ ਬਾਅਦ ਜ਼ਿਆਦਾ ਦਰਦ ਹੋਣ ਲੱਗਾ ਜਿਸ ਉੱਤੇ ਮੈਂ ਉਸ ਨੂੰ ਸਿਵਲ ਹਸਪਤਾਲ ਸੰਗਰੂਰ ਦਾਖਲ ਕਰਵਾ ਦਿੱਤਾ ਅਤੇ ਹਾਲਤ ਗੰਭੀਰ ਹੋਣ ਤੇ ਅਵਤਾਰ ਸਿੰਘ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕੀਤਾ। ਜਿੱਥੇ ਇਲਾਜ ਦੌਰਾਨ ਮੇਰੇ ਪਤੀ ਅਵਤਾਰ ਸਿੰਘ ਦੀ ਮੌਤ ਹੋ ਗਈ। ਹੁਣ ਥਾਣਾ ਛਾਜਲੀ ਦੀ ਪੁਲਿਸ ਦੋਸ਼ੀ ਖਿਲਾਫ 304 ਆਈਪੀਸੀ ਤਹਿਤ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆ ਰਹੀ।