ਬਰਨਾਲਾ, 10 ਦਸੰਬਰ (ਬਘੇਲ ਸਿੰਘ ਧਾਲੀਵਾਲ)-ਇਨਕਮ ਟੈਕਸ ਵਿਭਾਗ, ਬਰਨਾਲਾ ਵੱਲੋਂ ਪ੍ਰਿੰਸੀਪਲ ਕਮਿਸ਼ਨਰ ਆਫ਼ ਇਨਕਮ ਟੈਕਸ, ਪਟਿਆਲਾ ਦੇ ਹੁਕਮਾਂ ਅਨੁਸਾਰ ਵਿਵਾਦ ਸੇ ਵਿਸ਼ਵਾਸ ਸਕੀਮ 2024 ਅਤੇ ਐਡਵਾਂਸ ਟੈਕਸ ਦੀ ਅਦਾਇਗੀ ਸਬੰਧੀ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਜੁਆਇੰਟ ਇਨਕਮ ਟੈਕਸ ਕਮਿਸ਼ਨਰ ਪਟਿਆਲਾ ਰੇਂਜ ਪ੍ਰਦੀਪ ਗੋਇਲ ਨੇ ਕੀਤੀ। ਸੈਮੀਨਾਰ ਦੌਰਾਨ ਪ੍ਰਦੀਪ ਗੋਇਲ ਨੇ ਵਿਵਾਦ ਸੇ ਵਿਸ਼ਵਾਸ ਸਕੀਮ 2024 ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਸਾਰਿਆਂ ਨੂੰ ਇਸ ਸਕੀਮ ਦਾ ਲਾਭ ਉਠਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਐਡਵਾਂਸ ਟੈਕਸ ਸਮੇਂ ਸਿਰ ਅਦਾ ਕਰਨ ਅਤੇ ਉਸ ਟੈਕਸ ਨੂੰ ਸਵੈ-ਮੁਲਾਂਕਣ ਟੈਕਸ ਤੱਕ ਨਾ ਵਧਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਅੱਜ ਦਾ ਯੁੱਗ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਹੈ।ਜਿਸ ਕਾਰਨ ਵਿਭਾਗ ਹਰ ਕਿਸੇ ’ਤੇ ਨਜ਼ਰ ਰੱਖ ਰਿਹਾ ਹੈ। ਇਸ ਲਈ ਸਾਰਿਆਂ ਨੂੰ ਆਪਣਾ ਆਮਦਨ ਕਰ ਸਹੀ ਅਤੇ ਸਮੇਂ ’ਤੇ ਭਰਨ ਲਈ ਕਿਹਾ ਜਾਂਦਾ ਹੈ। ਇਸ ਸੈਮੀਨਾਰ ਵਿੱਚ ਬਾਰ ਐਸੋਸੀਏਸ਼ਨ, ਚਾਰਟਰਡ ਅਕਾਊਂਟੈਂਟਸ ਐਸੋਸੀਏਸ਼ਨ, ਸ਼ਹਿਰ ਦੇ ਵੱਡੇ ਵਪਾਰੀ, ਕਲੋਨਾਈਜ਼ਰ, ਡਾਕਟਰ, ਜਿਊਲਰਜ਼, ਕਰਿਆਨਾ ਐਸੋਸੀਏਸ਼ਨ ਅਤੇ ਹੋਰ ਵਪਾਰੀਆਂ ਨੇ ਸ਼ਮੂਲੀਅਤ ਕੀਤੀ।ਇਨਕਮ ਟੈਕਸ ਅਫਸਰ ਬਰਨਾਲਾ ਰਾਜੇਸ਼ ਗੁਪਤਾ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਇਨਕਮ ਟੈਕਸ ਅਫਸਰ ਪ੍ਰੇਮ ਸਿੰਗਲਾ ਅਤੇ ਇਨਕਮ ਟੈਕਸ ਇੰਸਪੈਕਟਰ ਵਿਕਾਸ ਕੁਮਾਰ ਨੇ ਇਨਕਮ ਟੈਕਸ ਦੀਆਂ ਹੋਰ ਨੀਤੀਆਂ ਬਾਰੇ ਜਾਣਕਾਰੀ ਦਿੱਤੀ।