ਬਰਨਾਲਾ, 3 ਜਨਵਰੀ (ਬਘੇਲ ਸਿੰਘ ਧਾਲੀਵਾਲ/ਚਮਕੌਰ ਸਿੰਘ ਗੱਗੀ)-ਬਰਨਾਲਾ ਪੁਲਿਸ ਨੇ ਲੁੱਟਖੋਹ ਅਤੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਤਿੰਨ ਵਿਅਕਤੀਆਂ ਕਾਬੂ ਕੀਤਾ ਹੈ, ਜਿਨ੍ਹਾਂ ਤੋਂ ਇੱਕ ਮੋਟਰਸਾਈਕਲ ਬਿਨਾਂ ਨੰਬਰੀ, 32 ਟਨ ਸਟੀਲੀ ਪਲੇਟਾਂ, ਗੈਸ ਕਟਰ, ਦੋ ਗੈਸ ਸਿਲੰਡਰ ਅਤੇ ਹੋਰ ਸਮਾਨ ਬਰਾਮਦ ਕੀਤਾ ਹੈ। ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਬਰਨਾਲਾ ਪੁਲਿਸ ਵੱਲੋਂ ਸਰਾਰਤੀ ਅਨਸਰਾਂ ਖਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਤਹਿਤ ਕਾਰਵਾਈ ਕਰਦਿਆਂ ਡੀਐੱਸਪੀ ਸਿਟੀ ਸਤਵੀਰ ਸਿੰਘ ਬੈਂਸ ਦੀ ਅਗਵਾਈ ਹੇਠ ਥਾਣਾ ਸਿਟੀ-1 ਦੇ ਮੁਖੀ ਇੰਸਪੈਕਟਰ ਲਖਵਿੰਦਰ ਸਿੰਘ ਤੇ ਬੱਸ ਸਟੈਂਡ ਪੁਲਿਸ ਚੌਂਕੀ ਦੇ ਇੰਚਾਰਜ ਚਰਨਜੀਤ ਸਿੰਘ ਦੀ ਟੀਮ ਨੂੰ ਨਾਕਾਬੰਦੀ ਦੌਰਾਨ ਸੂਚਨਾ ਮਿਲੀ ਕਿ ਅਵਤਾਰ ਸਿੰਘ ਤਾਰੀ ਪੁੱਤਰ ਜਸਪਾਲ ਸਿੰਘ ਵਾਸੀ ਦੱਦਾਹੂਰ, ਸਰਬਜੀਤ ਸਿੰਘ ਕਾਲਾ ਪੁੱਤਰ ਗੁਰਚਰਨ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਸੰਗਰੂਰ ਤੇ ਗੁਰਮੁੱਖ ਸਿੰਘ ਪੁੱਤਰ ਭਾਗ ਸਿੰਘ ਨੇੜੇ ਗੜੇ ਖਾਲ ਮਲਕ ਰੋਡ ਜਗਰਾਉਂ ਲੁੱਟਾਂ-ਖੋਹਾਂ ਤੇ ਚੋਰੀਆਂ ਕਰਨ ਦੇ ਆਦੀ ਹਨ। ਜਿਸ ਦੇ ਆਧਾਰ ’ਤੇ ਪੁਲਿਸ ਨੇ ਥਾਣਾ ਸਿਟੀ-1 ਬਰਨਾਲਾ ਵਿਖੇ ਮਾਮਲਾ ਦਰਜ ਕਰਦਿਆਂ ਜਾਂਚ ਸ਼ੁਰੂ ਕੀਤੀ। ਇਸ ਮਾਮਲੇ ’ਚ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਹੋਈ, ਜਦੋਂ ਦਾਣਾ ਮੰਡੀ ਬਰਨਾਲਾ ਵਿਖੇ ਰੇਡ ਦੌਰਾਨ ਏ.ਐੱਸ.ਆਈ. ਮਲਕੀਤ ਸਿੰਘ ਤੇ ਏ.ਐੱਸ.ਆਈ ਰਾਜੀਵ ਕੁਮਾਰ ਦੀ ਟੀਮ ਨੇ ਉਕਤਾਨ ਤਿੰਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਪਾਸੋਂ ਇੱਕ 18 ਟਾਇਰੀ ਟਰਾਲਾ ਨੰਬਰੀ ਪੀਬੀ-07ਬੀਕਯੂ-9958, ਇੱਕ 18 ਟਾਇਰੀ ਟਰਾਲਾ ਬਿਨਾਂ ਨੰਬਰੀ ਜੋ ਕਿ ਸਾਹਨੇਵਾਲ ਤੋਂ ਚੋਰੀ ਕੀਤਾ ਗਿਆ ਸੀ, ਇੱਕ ਮੋਟਰਸਾਈਕਲ ਬਿਨਾਂ ਨੰਬਰੀ, 32 ਟਨ ਸਟੀਲੀ ਪਲੇਟਾਂ, ਗੈਸ ਕਟਰ, ਦੋ ਗੈਸ ਸਿਲੰਡਰ ਤੇ ਦੋ ਆਕਸੀਜਨ ਸਿਲੰਡਰ ਬਰਾਮਦ ਹੋਏ। ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਮੁਲਜ਼ਮਾਂ ਪਾਸੋਂ ਬਰਾਮਦ ਹੋਏ ਸਮਾਨ ਦੀ ਕੁੱਲ ਮਲਕੀਤੀ ਕਰੀਬ 50 ਲੱਖ ਰੁਪਏ ਬਣਦੀ ਹੈ। ਜੋ ਇਸ ਸਮਾਨ ਨੂੰ ਥੋੜ੍ਹਾ-ਥੋੜ੍ਹਾ ਵੱਢਕੇ ਕਬਾੜ ’ਚ ਵੇਚਣ ਦੀ ਤਾਕ ’ਚ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ’ਚ ਪੇਸ਼ ਕਰ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਸਕੇ। ਇਸ ਮੌਕੇ ਐੱਸ.ਪੀ. ਸਨਦੀਪ ਸਿੰਘ ਮੰਡ, ਡੀਐੱਸਪੀ ਸਤਵੀਰ ਸਿੰਘ ਬੈਂਸ, ਥਾਣਾ ਸਦਰ ਦੇ ਮੁਖੀ ਇੰਸ. ਸ਼ੇਰਵਿੰਦਰ ਸਿੰਘ ਵੀ ਹਾਜ਼ਰ ਸਨ।