ਰੂਪਨਗਰ : ਜ਼ਿਲ੍ਹੇ ਦੇ ਬਲਾਕ ਰੂਪਨਗਰ, ਸ੍ਰੀ ਚਮਕੌਰ ਸਾਹਿਬ ਤੇ ਮੋਰਿੰਡਾ ਦੇ ਇਕ ਦਰਜਨ ਪਿੰਡਾਂ ’ਚ ਧਰਤੀ ਹੇਠਲੇ ਪੀਣ ਵਾਲੇ ਪਾਣੀ ’ਚ ਆਰਸੈਨਿਕ ਰਸਾਣਿਕ ਤੱਤ ਮਿਲਣਾ ਮਨੁੱਖ ਦੇ ਸਰੀਰ ਲਈ ਖਤਰੇ ਦੀ ਘੰਟੀ ਹੈ, ਜਦਕਿ ਜ਼ਿਲ੍ਹੇ ਦੇ ਪਿੰਡਾਂ ਵਿਚ ਆਰਓ ਪਲਾਂਟ ਲਗਾਉਣ ਵਿਚ ਵੀ ਵਾਧਾ ਹੋ ਰਿਹਾ ਹੈ।ਜਲ ਸਪਲਾਈ ਸੈਨੀਟੇਸ਼ਨ ਵਿਭਾਗ ਵੱਲੋਂ ਰੂਪਨਗਰ ਬਲਾਕ ਦੇ ਪਿੰਡ ਖਾਬੜਾ, ਸੀਹੋਂਮਾਜਰਾ, ਦੁਲਚੀਮਾਜਰਾ, ਸ੍ਰੀ ਚਮਕੌਰ ਸਾਹਿਬ ਬਲਾਕ ਦੇ ਪਿੰਡ ਝੱਲੀਆ ਅਤੇ ਮੋਰਿੰਡਾ ਬਲਾਕ ਦੇ ਪਿੰਡ ਕਾਈਨੌਰ, ਕਕਰਾਲੀ, ਰਾਮਗੜ੍ਹ ਮੰਡਾਂ, ਰੌਣੀ ਕਲਾਂ, ਦੁੱਮਣਾ, ਲੁਠੇੜੀ ਤੇ ਬੂਰਮਾਜਰਾ ਵਿਖੇ ਆਰਸੈਨਿਕ ਰਿਮੂਵਲ ਪਲਾਂਟ ਲਗਾਏ ਗਏ ਹਨ, ਜਿਨ੍ਹਾਂ ਰਾਹੀਂ ਇਨ੍ਹਾਂ ਪਿੰਡਾਂ ਨੂੰ ਪੀਣ ਵਾਲਾ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ। ਵਿਭਾਗੀ ਅਧਿਕਾਰੀਆਂ ਨੇ ਦੱਸਿਆ ਕਿ ਵਿਭਾਗ ਵੱਲੋਂ ਸਾਲ ਵਿਚ ਚਾਰ ਵਾਰ ਪਾਣੀ ਦੇ ਸੈਂਪਲ ਚੈੱਕ ਕਰਵਾਏ ਜਾਂਦੇ ਹਨ ਅਤੇ ਸਾਲ ਵਿਚ ਇੱਕ ਵਾਰ ਹੈਵੀ ਮੈਟਲ ਤੱਤ ਚੈੱਕ ਕਰਵਾਏ ਜਾਂਦੇ ਹਨ ਇਹ ਟੈਸਟ ਕਾਫੀ ਮਹਿੰਗਾ ਹੁੰਦਾ ਹੈ, ਜਿਸ ਵਿਚ ਆਰਸੈਨਿਕ ਰਸਾਇਣ ਵਰਗੇ ਤੇਜ਼ਾਬੀ ਤੱਤ ਦਾ ਪਤਾ ਲੱਗਦਾ ਹੈ । ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਕਈ ਪਿੰਡਾਂ ਵਿਚ ਆਰਓ ਵੀ ਲਗਾਏ ਗਏ ਹਨ, ਜਿੱਥੇ ਪੀਣ ਵਾਲੇ ਪਾਣੀ ਵਿਚ ਟੀਡੀਐੱਸ ਦੀ ਮਾਤਰ 500 ਤੋਂ ਲੈ ਕੇ 2000 ਤੋਂ ਵੱਧ ਹੋਵੇ ।ਵਿਭਾਗ ਦੇ ਸੂਤਰ ਦੱਸਦੇ ਹਨ ਕਿ ਇੱਕ ਪਾਸੇ ਮਨੁੱਖ ਦੀਆ ਲੋੜਾਂ ਨੇ ਜਿੱਥੇ ਧਰਤੀ ਹੇਠਲੇ ਪਾਣੀ ਨੂੰ ਤੇਜ਼ਾਬੀ ਬਣਾ ਦਿੱਤਾ ਹੈ, ਉੱਥੇ ਪੈਸੇ ਦੀ ਲਾਲਸਾ ਨੇ ਪਾਣੀ ਨੂੰ ਡੂੰਘਾ ਕਰ ਦਿੱਤਾ ਹੈ। ਸੂਤਰਾਂ ਨੇ ਦੱਸਿਆ ਕਿ ਸ੍ਰੀ ਚਮਕੌਰ ਸਾਹਿਬ ਤੇ ਮੋਰਿੰਡਾ ਬਲਾਕ ਤਾਂ ਡਾਰਕ ਜੌਨ ਵਿਚ ਹੈ। ਏਥੇ ਪਾਣੀ ਦਾ ਪੱਧਰ ਵੀ ਥੱਲੇ ਹੈ ਅਤੇ ਤੇਜ਼ਾਬੀ ਤੱਤ ਵੀ ਵੱਧ ਹੈ, ਜਿਸ ਵਿਚ ਫਲੋਰਾਈਡ, ਆਰਸੈਨਿਕ ਸਾਲਟ, ਮੈਗਨੀਸ਼ੀਅਮ, ਪਾਰਾ ਆਦਿ ਜਿਹੇ ਤੱਤ ਮਿਲ ਰਹੇ ਹਨ। ਸੂਤਰ ਦੱਸਦੇ ਹਨ ਕਿ ਆਰਸੈਨਿਕ ਤੱਤ ਅਜਿਹਾ ਹੈ ਕਿ ਮਨੁੱਖ ਦੇ ਸਰੀਰ ਨੂੰ ਜਿਵੇਂ ਕਣਕ ਨੂੰ ਘੁਣਾਂ ਲੱਗ ਜਾਂਦਾ ਹੈ ਇਸ ਤਰ੍ਹਾਂ ਹੱਡੀਆਂ ਨੂੰ ਕਮਜ਼ੋਰ ਕਰ ਦਿੰਦਾ ਹੈ। ਇੱਕ ਸਰਵੇ ਅਨੁਸਾਰ ਪਾਣੀ ਵਿਚ ਮਿਲ ਰਹੇ ਇਨ੍ਹਾਂ ਤੇਜ਼ਾਬੀ ਤੱਤਾਂ ਕਾਰਨ ਮਨੁੱਖ ਨੂੰ ਹੈਪੈਟਾਈਟਸ, ਮੈਸਟਰੌਨਿਕਸ, ਜੋੜਾ ਦਾ ਦਰਦ, ਦਮਾ, ਕੈਂਸਰ ਖਾਸੀ ਨਾਮੁਰਾਦ ਬਿਮਾਰੀਆਂ ਨੇ ਘੇਰ ਲਿਆ ਹੈ। ਜਿਸ ਦੇ ਚੱਲਦਿਆਂ ਰੂਪਨਗਰ ਜ਼ਿਲ੍ਹੇ ’ਚ ਕੈਂਸਰ, ਚਮੜੀ ਰੋਗ ਵਰਗੀ ਭਿਆਨਕ ਬਿਮਾਰੀ ਦੇ ਕੇਸ ਲਗਾਤਾਰ ਵੱਧ ਰਹੇ ਹਨ।
ਪਾਣੀ ਨੂੰ ਸ਼ੁੱਧ ਤੇ ਸੰਭਾਲਣ ਲਈ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ : ਮਾਈਕਲ
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਰੂਪਨਗਰ ਦੇ ਕਾਰਜਕਾਰੀ ਇੰਜੀਨੀਅਰ ਮਾਈਕਲ ਨੇ ਕਿਹਾ ਕਿ ਪੀਣ ਵਾਲੇ ਪਾਣੀ ਵਿਚ ਤੇਜ਼ਾਬੀ ਤੱਤ ਮਿਲਣੇ ਘਾਤਕ ਹੈ ਪਰ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ। ਵਿਭਾਗ ਸਮੇਂ-ਸਮੇਂ ’ਤੇ ਪਿੰਡ ਵਿਚ ਜਾਗਰੂਕਤਾ ਪ੍ਰੋਗਰਾਮ ਕਰਵਾ ਕੇ ਪੀਣ ਵਾਲੇ ਪਾਣੀ ਪ੍ਰਤੀ ਜਾਗਰੂਕ ਕਰਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਤਿੰਨ ਬਲਾਕਾਂ ਵਿਚ 12 ਆਰਸੈਨਿਕ ਰਿਮੂਵਲ ਪਲਾਂਟ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਪਾਣੀ ਦੇ ਸੈਂਪਲ ਅਸੀ ਹਰੇਕ ਤਿੰਨ ਮਹੀਨੇ ਬਾਅਦ ਕਰਵਾਉਦੇ ਹਾਂ, ਜਦਕਿ ਹੈਵੀ ਮੈਟਲ ਦੇ ਟੈਸਟ ਸਾਲ ਵਿਚ ਇੱਕ ਵਾਰ ਕਰਵਾਉਦੇ ਹਾਂ ਉਸ ਦੀ ਰਿਪੋਰਟ ਦੇ ਆਧਾਰ ’ਤੇ ਹੀ ਸਰਕਾਰ ਨੂੰ ਅਗਲੀ ਕਾਰਵਾਈ ਲਈ ਲਿਖਿਆ ਜਾਂਦਾ ਹੈ।