ਫਿਰੋਜ਼ਪੁਰ : ਮੈਰਿਜਜ ਪੈਲੇਸਾਂ ਵਿਚ ਸ਼ਰਾਬ ਦੇ ਵੱਧ ਲੱਗ ਰਹੇ ਰੇਟ ਦਾ ਮਾਮਲਾ ਵਿਧਾਇਕ ਰਣਬੀਰ ਸਿੰਘ ਭੁੱਲਰ ਕੋਲ ਪਹੁੰਚਿਆ ਤਾਂ ਇਸ ਦਾ ਨੋਟਿਸ ਲੈਂਦਿਆਂ ਉਨ੍ਹਾਂ ਜਿੱਥੇ ਮਹਿਕਮਾ ਆਬਕਾਰੀ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ, ਉਥੇ ਉਨ੍ਹਾਂ ਇਹ ਮਾਮਲਾ ਡੀਸੀ ਦੀਪਸ਼ਿਖਾ ਸ਼ਰਮਾ ਦੇ ਧਿਆਨ ਵਿਚ ਲਿਆਉਂਦਿਆਂ ਕਾਰਵਾਈ ਦੀ ਮੰਗ ਕੀਤੀ। ਇਸ ਸਬੰਧੀ ਡੀਸੀ ਦੀਪਸ਼ਿਖਾ ਸ਼ਰਮਾ ਨੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਮਾਮਲੇ ਦੀ ਜਾਂਚ ਕਰਨ ਲਈ ਆਖਿਆ ਹੈ।ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਆਖਿਆ ਕਿ ਵਿਆਹਾਂ ਦਾ ਸੀਜ਼ਨ ਹੋਣ ਕਾਰਨ ਕੁਝ ਦਿਨਾਂ ਤੋਂ ਲੋਕਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਧੀ-ਪੁੱਤਰ ਦੇ ਵਿਆਹ ਲਈ ਜਦੋਂ ਸ਼ਰਾਬ ਲੈਣ ਜਾਂਦੇ ਹਾਂ ਤਾਂ ਘਰ ਵਾਸਤੇ ਠੇਕੇਦਾਰਾਂ ਦੇ ਰੇਟ ਹੋਰ ਹੁੰਦੇ ਹਨ, ਜਦਕਿ ਪੈਲੇਸ ’ਚ ਪਿਆਈ ਜਾਣ ਵਾਲੀ ਸ਼ਰਾਬ ਲਈ ਠੇਕੇਦਾਰਾਂ ਵੱਲੋਂ ਦੁੱਗਣੇ ਰੇਟ ਲਗਾਏ ਜਾ ਰਹੇ ਹਨ। ਇਸ ਸਬੰਧੀ ਜਦੋਂ ਉਨ੍ਹਾਂ ਪੰਜਾਬ ਸਰਕਾਰ ਵੱਲੋਂ ਜਾਰੀ ਲਿਸਟ ਮੰਗਵਾਈ ਤਾਂ ‘ਜੁਆਇੰਟ ਕਮਿਸ਼ਨਰ ਐਕਸਾਈਜ਼ ਪੰਜਾਬ’ ਵੱਲੋਂ ਸਾਰੇ ਜ਼ਨਲ ਡਿਪਟੀ ਕਮਿਸ਼ਨਰ ਐਕਸਾਈਜ਼ ਅਤੇ ਰੇਂਜ ਦੇ ਇੰਚਾਰਜ ਅਸਿਸਟੈਂਟ ਕਮਿਸ਼ਨਰ ਐਕਸਾਈਜ਼ ਨੂੰ 18 ਅਕਤੂਬਰ 2024 ਨੂੰ ਭੇਜੇ ਪੱਤਰ ਵਿਚ ਸਾਲ 2024-25 ਲਈ ਪੈਲੇਸਾਂ ਵਿਚ ਪਿਆਈ ਜਾਣ ਵਾਲੀ ਸ਼ਰਾਬ ਦੀ ਰੇਟ ਲਿਸਟ ਜਾਰੀ ਕੀਤੀ ਸੀ। ਲੋਕਾਂ ਦਾ ਦੋਸ਼ ਹੈ ਕਿ ਉਸ ਰੇਟ ਲਿਸਟ ਵਿਚ ਜੇ ਏਸੀਪੀ ਜਾਂ ਸੋਲਨ ਨੰਬਰ ਵਨ ਵਰਗੇ ਸ਼ੁਰੂਆਤੀ ਬਰਾਂਡ ਦਾ ਸਰਕਾਰੀ ਰੇਟ 3700 ਰੁਪਏ ਪੇਟੀ ਹੈ ਤਾਂ 5500 ਰੁਪਏ ਅਤੇ ਮੈਕਡਾਵਲ ਜਾਂ ਇੰਪੀਰੀਅਲ ਬਲਿਊ ਦਾ 4800 ਰੁਪਏ ਰੇਟ ਹੈ ਤਾਂ ਠੇਕੇਦਾਰਾਂ ਵੱਲੋਂ 6500 ਰੁਪਏ ਵਸੂਲੇ ਜਾ ਰਹੇ ਹਨ। ਇਸੇ ਤਰਾਂ 9500 ਰੁਪਏ ਪੇਟੀ ਵਾਲੀ ਬਲੈਂਡਰ ਰਿਜ਼ਰਵ ਜਾਂ ਐਂਟੀਕਿਊਅਟੀ ਬਲਿਊ 13,500 ਤੋਂ 14000 ਰੁਪਏ ਲਗਾਈ ਜਾ ਰਹੀ ਹੈ। ਸਭ ਤੋਂ ਵੱਡੀ ਮਾਰ ਅੱਪਰ ਮਿਡਲ ਕਲਾਸ ਨੂੰ ਪੈ ਰਹੀ ਹੈ। ਇੱਥੇ ਜੇ ਕਿਸੇ ਨੇ ਬਲੈਕ ਡਾਗ ਜਾਂ ਟੀਚਰ ਵਰਗੀ ਸਕਾਚ ਲੈਣੀ ਹੈ ਤਾਂ 13,500 ਰੁਪਏ ਪੇਟੀ ਵਾਲੀ ਸ਼ਰਾਬ 22 ਹਜ਼ਾਰ ਰੁਪਏ ’ਚ ਦਿੱਤੀ ਜਾ ਰਹੀ ਹੈ।ਇਸ ਸਬੰਧੀ ਜਦੋਂ ਏਆਈਟੀਸੀ ਰਣਧੀਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਿਧਾਇਕ ਦੀ ਸ਼ਿਕਾਇਤ ਆਈ ਸੀ। ਉਨ੍ਹਾਂ ਇਸ ਸਾਰੇ ਮਾਮਲੇ ਸਬੰਧੀ ਵਿਭਾਗੀ ਅਧਿਕਾਰੀਆਂ ਦੀ ਮੀਟਿੰਗ ਬੁਲਾਈ ਹੋਈ ਹੈ।
ਡੀਈਟੀਸੀ ਨੂੰ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਦੇ ਦਿੱਤੇ ਆਦੇਸ਼ : ਡੀਸੀ
ਇਸ ਸਬੰਧੀ ਡੀਸੀ ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕਿ ਹਲਕਾ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਹੈ। ਉਨ੍ਹਾਂ ਇਸ ਸਬੰਧੀ ਡੀਈਟੀਸੀ ਨੂੰ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਦੇ ਹੁਕਮ ਦੇ ਦਿੱਤੇ ਹਨ।
ਜੋ ਰੇਟ ਬਾਕੀ ਪੰਜਾਬ ’ਚ ਲੱਗ ਰਹੇ ਹਨ, ਉਹੀ ਲਗਾ ਰਹੇ ਹਾਂ : ਠੇਕੇਦਾਰ
ਇਸ ਸਬੰਧੀ ਜਦੋਂ ਸਥਾਨਕ ਠੇਕੇਦਾਰਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਪੰਜਾਬ ਵਿਚ ਸ਼ਰਾਬ ਠੇਕੇਦਾਰ ਪਹਿਲਾਂ ਹੀ ਘਾਟੇ ਵਿਚ ਚੱਲ ਰਹੇ ਹਨ। ਇਸ ਲਈ ਜੋ ਰੇਟ ਪੂਰੇ ਪੰਜਾਬ ਵਿਚ ਚੱਲ ਰਿਹਾ ਹੈ, ਉਹ ਵੀ ਉਹੀ ਰੇਟ ਹੀ ਲਗਾ ਰਹੇ ਹਨ। ਠੇਕੇਦਾਰਾਂ ਨੇ ਧਮਕੀ ਦਿੱਤੀ ਕਿ ਜੇ ਸਾਨੂੰ ਮਜਬੂਰ ਕੀਤਾ ਤਾਂ ਅਸੀ ਅੱਗੇ ਤੋਂ ਠੇਕੇ ਹੀ ਨਹੀਂ ਲਵਾਂਗੇ।