, ਚੰਡੀਗੜ੍ਹ : ਦਿੱਲੀ ਵਿਧਾਨ ਸਭਾ ਚੋਣਾਂ ਲਈ ਸੋਮਵਾਰ ਨੂੰ ਚੋਣ ਪ੍ਰਚਾਰ ਬੰਦ ਹੋਣ ਤੋਂ ਬਾਅਦ ਸੂਬੇ ਦੇ ਸਿਆਸੀ ਨੇਤਾਵਾਂ ਨੂੰ ਘਰ ਨੂੰ ਮੁਹਾਰਾਂ ਮੋੜ ਲਈਆਂ ਹਨ। ਦਿੱਲੀ ਤੋਂ ਬਾਅਦ ਹੁਣ ਸੂਬੇ ਦੀ ਸਿਆਸਤ ਭਖੇਗੀਸ, ਉਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਵੀ ਰੌਣਕਾਂ ਪਰਤ ਆਉਣਗੀਆਂ। ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸਰਕਾਰ ਦੇ ਮੰਤਰੀ, ਵਿਧਾਇਕਾਂ, ਕਈ ਬੋਰਡਾਂ, ਕਾਰਪੋਰੇਸ਼ਨਾਂ ਦੇ ਚੇਅਰਮੈਨਾਂ ਸਮੇਤ ਕਾਂਗਰਸ ਤੇ ਭਾਜਪਾ ਦੇ ਨੇਤਾਵਾਂ ਨੇ ਵੀ ਦੇਸ਼ ਦੀ ਰਾਜਧਾਨੀ ਦਿੱਲੀ ’ਚ ਡੇਰੇ ਲਾਏ ਹੋਏ ਸਨ।ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਭਗਵੰਤ ਮਾਨ, ਕੈਬਨਿਟ ਮੰਤਰੀਆਂ ਦੇ ਪ੍ਰੋਗਰਾਮ ਤੈਅ ਕੀਤੇ ਹੋਏ ਸਨ, ਉਥੇ ਵਿਧਾਇਕਾਂ ਦੀਆਂ ਹਲਕਾਵਾਰ ਡਿਊਟੀਆਂ ਲਾਈਆਂ ਹੋਈਆਂ ਸਨ। ਇਸੇ ਤਰ੍ਹਾਂ ਪੰਜਾਬ ਕਾਂਗਰਸ ਅਤੇ ਭਾਜਪਾ ਨੇਤਾਵਾਂ ਨੇ ਵੀ ਚੋਣਾਂ ਦਾ ਐਲਾਨ ਹੋਣ ਬਾਅਦ ਪ੍ਰਚਾਰ ਦੀ ਡਿਊਟੀ ਸੰਭਾਲੀ ਹੋਈ ਸੀ। ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਚੋਣ ਪ੍ਰਚਾਰ ਬੰਦ ਹੋਣ ਬਾਅਦ ਬਾਹਰੀ ਲੋਕਾਂ ਨੂੰ ਹਲਕਾ ਛੱਡਣਾ ਪੈਦਾ ਹੈ। ਰਾਜਸੀ ਆਗੂਆਂ ਵਿਚ ਲੋਕ ਸਭਾ ਤੇ ਰਾਜ ਸਭਾ ਮੈਂਬਰਾਂ ਨੂੰ ਛੱਡ ਕੇ ਬਾਕੀ ਸਾਰੇ ਆਗੂਆਂ ਦਾ ਪਰਤਣਾ ਲਾਜ਼ਮੀ ਹੈ। ਮੁੱਖ ਮੰਤਰੀ ਅਤੇ ਮੰਤਰੀਆਂ ਦੇ ਦਿੱਲੀ ਵਿਖੇ ਹੋਣ ਕਾਰਨ ਇਕ ਤਰ੍ਹਾਂ ਨਾਲ ਸਰਕਾਰੀ ਸਰਗਰਮੀਆਂ ਠੱਪ ਹੋਈਆਂ ਪਈਆਂ ਸਨ। ਸਕੱਤਰੇਤ ਵਿਖੇ ਰੌਣਕ ਗਾਇਬ ਹੋ ਗਈ ਸੀ। ਸਰਕਾਰੀ ਦਫ਼ਤਰਾਂ ਵਿਚ ਸੰਨਾਟਾ ਪਸਰਿਆ ਹੋਇਆ ਸੀ। ਮੁੱਖ ਮੰਤਰੀ ਨੇ ਪਹਿਲਾਂ ਹੀ 10 ਫਰਵਰੀ ਨੂੰ ਕੈਬਨਿਟ ਦੀ ਮੀਟਿੰਗ ਬੁਲਾਈ ਹੋਈ ਹੈ। ਇਸੇ ਤਰ੍ਹਾਂ ਵਿਧਾਨ ਸਭਾ ਦੀਆਂ ਵੱਖ-ਵੱਖ ਕਮੇਟੀਆਂ ਦੀਆਂ ਮੀਟਿੰਗਾਂ ਮੰਗਲਵਾਰ, ਬੁੱਧਵਾਰ ਤੇ ਸ਼ੁੱਕਰਵਾਰ ਨੂੰ ਨਿਸ਼ਚਿਤ ਹਨ।ਪੰਜਾਬ ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਹੁਣ ਦਫ਼ਤਰਾਂ ਵਿਚ ਰੌਣਕਾਂ ਪਰਤ ਆਉਣਗੀਆਂ। ਅਧਿਕਾਰੀ ਨੇ ਤਰਕ ਦਿੱਤਾ ਕਿ ਕੈਬਨਿਟ ਮੰਤਰੀਆਂ ਦੇ ਦਿੱਲੀ ਪ੍ਰਚਾਰ ਵਿਚ ਵਿਅਸਤ ਹੋਣ ਕਰ ਕੇ ਬਹੁਤ ਸਾਰੀਆਂ ਫਾਈਲਾਂ ਦਾ ਕੰਮ ਰੁਕਿਆ ਪਿਆ ਸੀ। ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀਆਂ ਤੋ ਇਸ ਦੌਰਾਨ ਬਹੁਤ ਜ਼ਰੂਰੀ ਫਾਈਲਾਂ ਹੀ ਕਢਵਾਈਆਂ ਗਈਆਂ ਸਨ। ਦਿੱਲੀ ਵਿਧਾਨ ਸਭਾ ਚੋਣਾਂ ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਲਈ ਵੱਕਾਰ ਦਾ ਸਵਾਲ ਹਨ। ਕਾਂਗਰਸ ਨੇ ਪੰਜਾਬ ਦੇ ਆਗੂਆਂ ਦੀਆਂ 14 ਟੀਮਾਂ ਦਿੱਲੀ ’ਚ ਤਾਇਨਾਤ ਕੀਤੀਆਂ ਸਨ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਹੋਰ ਆਗੂਆਂ ਨੇ ਮੋਰਚਾ ਸੰਭਾਲਿਆ ਹੋਇਆ ਸੀ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਪ੍ਰਚਾਰ ਤੋਂ ਦੂਰ ਰਹੇ। ਜਾਖੜ ਪਹਿਲਾਂ ਹੀ ਹਾਈਕਮਾਨ ਅੱਗੇ ਮੁਖੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਇੱਛਾ ਪ੍ਰਗਟ ਕਰ ਚੁੱਕੇ ਹਨ। ਜਿੱਥੇ ਦਸ ਫਰਵਰੀ ਨੂੰ ਪੰਜਾਬ ਕੈਬਨਿਟ ਦੀ ਮੀਟਿੰਗ ਹੈ। ਉਥੇ ਫਰਵਰੀ ਦੇ ਅੰਤਿਮ ਹਫ਼ਤੇ ਜਾਂ ਮਾਰਚ ਦੇ ਦੂਸਰੇ ਹਫ਼ਤੇ ਬਜਟ ਸੈਸ਼ਨ ਹੋ ਸਕਦਾ ਹੈ। ਇਸਨੂੰ ਲੈ ਕੇ ਵਿਧਾਇਕਾਂ ਵੱਲੋਂ ਸਵਾਲ ਲਗਾਉਣਗੇ ਅਤੇ ਸਰਕਾਰ ਬਜਟ ਸੈਸ਼ਨ ਦੀ ਤਿਆਰੀਆਂ ਵਿਚ ਜੁੱਟ ਜਾਵੇਗੀ।