ਬਰਨਾਲਾ, 3 ਜਨਵਰੀ (ਬਘੇਲ ਸਿੰਘ ਧਾਲੀਵਾਲ/ਹਿਮਾਂਸ਼ੂ ਗਰਗ)-ਬਰਨਾਲਾ ਪੁਲਿਸ ਨੇ ਲੁੱਟਾਂ ਖੋਹਾਂ ਦੀਆਂ 16 ਵਾਰਦਾਤਾਂ ’ਚ ਸ਼ਾਮਿਲ ਗਿਰੋਹ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕਰਦਿਆਂ ਵੱਡੀ ਸਫ਼ਲਤਾ ਹਾਸਲ ਕੀਤੀ ਹੈ, ਜਿੰਨ੍ਹਾਂ ਪਾਸੋਂ ਵੱਡੀ ਗਿਣਤੀ ’ਚ ਮੋਬਾਇਲ, ਖੋਹ ਕੀਤੇ ਮੋਟਰਸਾਈਕਲ, ਕਾਰ, ਗਹਿਣੇ ਤੇ ਤੇਜ਼ਧਾਰ ਹਥਿਆਰ ਬਰਾਮਦ ਹੋਏ ਹਨ। ਇਸ ਸਬੰਧੀ ਪ੍ਰੈੱਸ ਕਾਨਫਰੰਸ ਕਰਦਿਆਂ ਐਸਐਸਪੀ ਸੰਦੀਪ ਕੁਮਾਰ ਮਲਿਕ ਆਈ.ਪੀ.ਐੱਸ ਨੇ ਜਾਣਕਾਰੀ ਦਿੱਤੀ ਕਿ ਐੱਸ.ਪੀ. (ਇੰਨ.) ਸੰਦੀਪ ਸਿੰਘ ਮੰਡ, ਡੀ.ਐੱਸ.ਪੀ. ਸਿਟੀ ਸਤਵੀਰ ਸਿੰਘ ਬੈਂਸ ਦੀ ਅਗਵਾਈ ਹੇਠ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ ਲਈ ਥਾਣਾ ਸਦਰ ਬਰਨਾਲਾ ਦੇ ਮੁਖੀ ਇੰਸਪੈਕਟਰ ਸ਼ੇਰਵਿੰਦਰ ਸਿੰਘ ਤੇ ਪੁਲਿਸ ਚੌਂਕੀ ਪੱਖੋ ਕੈਂਚੀਆਂ ਦੀ ਟੀਮ ਨੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 6 ਮੈਂਬਰਾਂ ਨੂੰ ਕਾਬੂ ਕੀਤਾ ਹੈ, ਜੋ ਹਾਈਵੇ ਤੇ ਆਮ ਲਿੰਕ ਸੜਕਾਂ ’ਤੇ ਰਾਹਗੀਰਾਂ ਤੋਂ ਹਥਿਆਰ ਦੀ ਨੋਕ ’ਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਬਰਨਾਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ’ਚ ਰਣਜੀਤ ਸਿੰਘ ਉਰਫ਼ ਗਗਨ ਵਾਸੀ ਭਦੌੜ, ਖੁਸ਼ਪ੍ਰੀਤ ਸਿੰਘ ਉਰਫ਼ ਲਾਡੀ ਵਾਸੀ ਭਦੌੜ, ਬਲਜਿੰਦਰ ਸਿੰਘ ਉਰਫ਼ ਜੋਬਨ ਵਾਸੀ ਭਦੌੜ, ਮਨਜਿੰਦਰ ਸਿੰਘ ਉਰਫ਼ ਬੱਬੂ ਵਾਸੀ ਨੈਣੇਵਾਲ, ਦੀਪਕ ਸਿੰਘ ਉਰਫ਼ ਦੀਪੂ ਵਾਸੀ ਭਦੌੜ ਤੇ ਰੇਸ਼ਮ ਸਿੰਘ ਉਰਫ਼ ਬੱਬਲ ਵਾਸੀ ਭਾਈਰੂਪਾ ਸ਼ਾਮਿਲ ਹਨ। ਜਿਨ੍ਹਾਂ ਤੋਂ ਇਹ ਸਮਾਨ ਬਰਾਮਦ ਹੋਇਆ, ਇਕ ਕਾਰ ਨੰਬਰੀ ਪੀ.ਬੀ-10ਏਯੂ-5202 ਮਾਰਕਾ ਹੋਂਡਾ ਸਿਟੀ, ਇਕ ਮੋਟਰਸਾਈਕਲ ਐੱਚ.ਐੱਫ. ਡੀਲਕਸ ਬਿਨਾਂ ਨੰਬਰੀ, ਇਕ ਮੋਟਰਸਾਈਕਲ ਸਪਲੈਂਡਰ ਪਲਸ ਨੰਬਰੀ ਪੀ.ਬੀ.-10ਐੱਚਡੀ-5348, ਇਕ ਮੋਟਰਸਾਈਕਲ ਸਪਲੈਂਡਰ ਪਲਸ ਨੰਬਰੀ ਪੀ.ਬੀ.-10ਡੀਡੀ-8819, ਇਕ ਮੋਟਰਸਾਈਕਲ ਪਲਟੀਨਾ ਨੰਬਰੀ ਪੀ.ਬੀ.-08ਈਈ-6160, ਇਕ ਮੋਟਰਸਾਈਕਲ ਪਲਸਰ ਨੰਬਰੀ ਪੀ.ਬੀ.-73ਏ-2549, ਵੱਖ-ਵੱਖ ਕੰਪਨੀਆਂ ਦੇ 17 ਮੋਬਾਈਲ ਤੇ 2 ਇਲੈਕਟਰੋਨਿਕ ਟੈਬ, ਦੋ ਚਾਂਦੀ ਦੇ ਕੜੇ ਤੇ ਤਿੰਨ ਚਾਂਦੀ ਦੀਆਂ ਚੈਨਾ, ਇਕ ਖੰਡਾ, ਦੋ ਕ੍ਰਿਪਾਨਾਂ, ਇਕ ਕਿਰਚ ਤੇ ਚਾਕੂ।
-ਬਾਕਸ ਨਿਊਜ-
- ਟਰੇਸ ਹੋਈਆਂ ਵਾਰਦਾਤਾਂ
19 ਜਨਵਰੀ 2024 ਨੂੰ ਟੱਲੇਵਾਲ ਨਹਿਰ ਦੀ ਪਟੜੀ ਤੋਂ ਇੱਕ ਅਣਪਛਾਤੇ ਮੋਟਰਸਾਈਕਲ ਸਵਾਰ ਤੋਂ ਇੱਕ ਟੈਬ, ਮੋਬਾਈਲ, ਚਾਂਦੀ ਦਾ ਕੜਾ ਤੇ 4000 ਦੀ ਨਗਦੀ ਖੋਹ ਕੀਤੀ ਗਈ ਸੀ। 19 ਜਨਵਰੀ ਨੂੰ ਹੀ ਪਿੰਡ ਧੰਦੀਵਾਲ ਤੋਂ ਸੁਲਤਾਨਪੁਰ ਰਸਤੇ ’ਚ ਇੱਕ ਸਕੂਟਰੀ ਸਵਾਰ ਵਿਅਕਤੀ ਪਾਸੋਂ 49000 ਖੋਹ ਕੀਤੇ ਗਏ ਸਨ। 3 ਜਨਵਰੀ 2025 ਨੂੰ ਬਾਹੱਦ ਚੂੰਘਾ ਖੇਤਾਂ ’ਚ ਇੱਕ ਵਿਅਕਤੀ ਪਾਸੋਂ ਇੱਕ ਮੋਬਾਈਲ ਫੋਨ, 4000 ਰੁਪਏ ਦੀ ਨਗਦੀ ਤੇ ਚਾਂਦੀ ਦੀ ਚੈਨ ਖੋਹ ਕੀਤੀ ਗਈ ਸੀ। 25 ਜਨਵਰੀ 2025 ਨੂੰ ਨਾਈਵਾਲਾ ਰੋਡ ’ਤੇ ਇੱਕ ਵਿਅਕਤੀ ਪਾਸੋਂ ਮਹਿੰਗਾ ਮੋਬਾਇਲ, 4000 ਦੀ ਨਗਦੀ ਤੇ ਜਰੂਰੀ ਕਾਗਜਾਤ ਖੋਹ ਕੀਤੇ ਗਏ ਸਨ। ਪਿਛਲੇ ਮਹੀਨੇ ਮੁੱਲਾਪੁਰ ਟੋਲ ਪਲਾਜਾ ਦੇ ਨੇੜੇ ਇੱਕ ਵਿਅਕਤੀ ਤੋਂ ਇੱਕ ਟੈਬ ਤੇ ਉਸੇ ਦਿਨ ਇੱਕ ਹੋਰ ਵਿਅਕਤੀ ਤੋਂ ਇੱਕ ਮੋਟਰਸਾਈਕਲ ਖੋਹ ਕੀਤਾ ਗਿਆ ਸੀ। 27 ਜਨਵਰੀ 2025 ਨੂੰ ਖੁੱਡੀ ਡਰੇਨ ਕੋਲੋਂ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਪਾਸੋਂ ਇੱਕ ਮੋਬਾਈਲ ਫੋਨ ਤੇ 500\600 ਰੁਪਏ ਦੀ ਨਗਦੀ ਖੋਹ ਕੀਤੀ ਗਈ ਸੀ। 27 ਜਨਵਰੀ ਨੂੰ ਹੀ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਪਾਸੋਂ ਛੰਨਾ ਭੈਣੀ ਰੋਡ ਤੋਂ ਇੱਕ ਮੋਟਰਸਾਈਕਲ ਤੇ ਇੱਕ ਮੋਬਾਇਲ ਫੋਨ ਖੋਹ ਕੀਤਾ ਗਿਆ ਸੀ। 27 ਜਨਵਰੀ ਨੂੰ ਹੀ ਮੂਲੋਵਾਲ ਤੋਂ ਪਿੰਡ ਅਲਾਲ ਨੂੰ ਆਉਂਦੀ ਸੜਕ ’ਤੇ ਇੱਕ ਵਿਅਕਤੀ ਪਾਸੋਂ ਇੱਕ ਮੋਬਾਈਲ ਤੇ ਮੋਟਰਸਾਈਕਲ ਖੋਹ ਕੀਤਾ ਗਿਆ ਸੀ। 27 ਜਨਵਰੀ ਨੂੰ ਹੀ ਆਰੀਆਭੱਟ ਕਾਲਜ ਨੇੜੇ ਇੱਕ ਵਿਅਕਤੀ ਪਾਸੋਂ 1200 ਰੁਪਏ, ਆਧਾਰ ਕਾਰਡ, ਵੋਟਰ ਕਾਰਡ, ਡਰਾਈਵਿੰਗ ਲਾਇਸੈਂਸ, ਪੈਨ ਕਾਰਡ ਤੇ ਦੋ ਏ.ਟੀ.ਐੱਮ. ਕਾਰਡ ਖੋਹ ਕੀਤੇ ਗਏ ਸਨ। 14 ਜਨਵਰੀ ਨੂੰ ਹਰਬੰਸਪੁਰਾ ਕੋਠੇ ਸੇਖਾ ਰੋਡ ਗੈਸ ਏਜੰਸੀ ਨਜ਼ਦੀਕ ਇੱਕ ਦੋਧੀ ਪਾਸੋਂ ਮੋਬਾਈਲ ਫੋਨ ਤੇ 8100 ਰੁਪਏ ਖੋਹ ਕੀਤੇ ਗਏ ਸਨ। ਕੁਝ ਦਿਨ ਪਹਿਲਾਂ ਰਾਮਪੁਰਾ ਨੇੜੇ ਪਿੰਡ ਪਿੱਥੋ ਤੋਂ ਇੱਕ ਹੌਂਡਾ ਸਿਟੀ ਕਾਰ ਤੇ ਪੈਸੇ ਖੋਹ ਕੀਤੇ ਗਏ ਸਨ। 28 ਜਨਵਰੀ ਨੂੰ ਫਰੀਦਕੋਟ ਨਹਿਰਾਂ ਕੋਲ ਇੱਕ ਮਰੂਤੀ ਕਾਰ ਖੋਹ ਕੀਤੀ ਗਈ ਸੀ। ਉਨੇ ਜਨਵਰੀ ਨੂੰ ਪੱਖੋ ਕੈਂਚੀਆਂ ਸ਼ਹਿਣਾ ਤੋਂ ਪਾਇਪਾਂ ਵਾਲੀ ਫੈਕਟਰੀ ਕੋਲੋਂ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਪਾਸੋਂ ਇੱਕ ਮੋਬਾਇਲ ਫੋਨ ਤੇ 10,000 ਰੁਪਏ ਖੋਹ ਕੀਤੇ ਗਏ ਸਨ। 8 ਜਨਵਰੀ 2025 ਨੂੰ ਫੈਕਟਰੀ ਆਊਟਲੈਟ ਕੋਲੋਂ ਇੱਕ ਵਿਅਕਤੀ ਪਾਸੋਂ ਦੋ ਮੋਬਾਇਲ ਫੋਨ ਤੇ 60,000 ਰੁਪਏ ਦੀ ਨਗਦੀ ਖੋਹ ਕੀਤੀ ਗਈ ਸੀ। 20 ਜਨਵਰੀ 2025 ਨੂੰ ਛੀਨੀਵਾਲ ਤੋਂ ਗਹਿਲ ਰੋਡ ’ਤੇ ਇੱਕ ਵਿਅਕਤੀ ਪਾਸੋਂ ਮੋਟਰਸਾਈਕਲ ਖੋਹ ਕੀਤਾ ਗਿਆ ਸੀ।
- ਤਕਨੀਕੀ ਜਾਂਚ ਤੋਂ ਬਾਅਦ ਹੋਰ ਖ਼ੁਲਾਸੇ ਕੀਤੇ ਜਾਣਗੇ : ਐੱਸ.ਐੱਸ.ਪੀ
ਐੱਸ.ਐੱਸ.ਪੀ ਸੰਦੀਪ ਕੁਮਾਰ ਮਲਿਕ ਨੇ ਅੱਗੇ ਦੱਸਿਆ ਕਿ ਮੁਲਜ਼ਮਾਂ ਪਾਸੋਂ ਹੋਰ ਵੀ ਮੋਬਾਇਲ ਫੋਨ ਬਰਾਮਦ ਕਰਵਾਏ ਗਏ ਹਨ, ਜਿਨਾਂ ਦੀ ਤਕਨੀਕੀ ਜਾਂਚ ਤੋਂ ਬਾਅਦ ਪਤਾ ਲਗਾਇਆ ਜਾਵੇਗਾ ਕਿ ਮੁਲਜਮਾਂ ਵੱਲੋਂ ਕਦੋਂ ਤੇ ਕਿਸ ਜਗ੍ਹਾ ’ਤੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉਕਤ ਵਿਅਕਤੀਆਂ ’ਚੋਂ ਰਣਜੀਤ ਸਿੰਘ ਉਰਫ਼ ਗਗਨ ਖ਼ਿਲਾਫ਼ ਥਾਣਾ ਭਦੌੜ ’ਚ ਇਕ, ਮਨਜਿੰਦਰ ਸਿੰਘ ਉਰਫ਼ ਬੱਬੂ ਖ਼ਿਲਾਫ਼ ਥਾਣਾ ਤਪਾ ’ਚ ਇਕ, ਦੀਪਕ ਸਿੰਘ ਉਰਫ਼ ਦੀਪੂ ਖ਼ਿਲਾਫ਼ ਥਾਣਾ ਭਦੌੜ ’ਚ ਇਕ ਤੇ ਰੇਸ਼ਮ ਸਿੰਘ ਖ਼ਿਲਾਫ਼ ਥਾਣਾ ਫੂਲ ਵਿਖੇ ਦੋ ਮਾਮਲੇ ਦਰਜ ਹਨ।