ਲੁਧਿਆਣਾ-ਥਾਣਾ ਸਾਹਨੇਵਾਲ ਦੀ ਪੁਲਿਸ ਨੇ ਦੋ ਅਜਿਹੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਨੇ ਹੁਣੇ ਜਿਹੇ ਪਿਸਤੌਲ ਵਿਖਾ ਕੇ ਇਕ ਦੁਕਾਨਦਾਰ ਕੋਲੋਂ 1 ਲੱਖ ਦੀ ਨਕਦੀ ਲੁੱਟੀ ਸੀ। ਪੁਲਿਸ ਦੇ ਮੁਤਾਬਕ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਪਿੰਡ ਅਜਨੋਦ ਦੁਰਾਹਾ ਦੇ ਰਹਿਣ ਵਾਲੇ ਅਰਵਿੰਦਰ ਸਿੰਘ ਉਰਫ ਗੋਲੀ ਅਤੇ ਪਿੰਡ ਕਾਲਖ ਦੇ ਵਾਸੀ ਜਗਸੀਰ ਸਿੰਘ ਉਰਫ ਜੱਗਾ ਵਜੋਂ ਹੋਈ। ਪੁਲਿਸ ਨੇ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੇ ਕਬਜ਼ੇ ਚੋਂ ਚਾਰ ਮੋਬਾਇਲ ਫੋਨ ,ਇੱਕ ਕਿਰਪਾਨ,ਡਮੀ ਪਿਸਤੌਲ, ਕੁਝ ਨਕਦੀ ਤੇ ਦੋ ਸਕੂਟਰ ਬਰਾਮਦ ਕੀਤੇ ਹਨ। ਜਾਣਕਾਰੀ ਦਿੰਦਿਆਂ ਥਾਣਾ ਸਹਾਨੇਵਾਲ ਦੇ ਇੰਚਾਰਜ ਜਗਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨਾਂ ਦੇ ਕਬਜ਼ੇ ਚੋਂ ਲੁੱਟ ਦਾ ਸਮਾਨ ਅਤੇ ਹਥਿਆਰ ਬਰਾਮਦ ਕੀਤੇ। ਪੁਲਿਸ ਨੇ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਉਨ੍ਹਾਂ ਦਾ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ। ਪੁਲਿਸ ਦਾ ਮੰਨਣਾ ਹੈ ਕਿ ਪੁੱਛਗਿਛ ਦੇ ਦੌਰਾਨ ਮੁਲਜ਼ਮਾਂ ਕੋਲੋਂ ਕਈ ਖੁਲਾਸੇ ਹੋਣ ਦੀ ਉਮੀਦ ਹੈ। -ਇੰਝ ਦਿੱਤਾ ਸੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਲੋਟਸ ਇਨਕਲੇਵ ਦੇ ਰਹਿਣ ਵਾਲੇ ਸਤਿੰਦਰ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਪਿੰਡ ਟਿੱਬਾ ਵਿੱਚ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ। ਦੁਪਹਿਰ ਢਾਈ ਵਜੇ ਦੇ ਕਰੀਬ ਸਕੂਟਰ ਤੇ ਸਵਾਰ ਹੋ ਕੇ ਉਸਦੀ ਦੁਕਾਨ ਤੇ ਦੋ ਮੁਲਜ਼ਮ ਆਏ। ਮੂੰਹ ’ਤੇ ਰੁਮਾਲ ਬੰਨੇ ਨੌਜਵਾਨਾਂ ਨੇ ਉਸ ਕੋਲੋਂ ਸਿਗਰਟ ਦੀ ਮੰਗ ਕੀਤੀ ਤੇ ਉਹ ਦੁਕਾਨ ਦੇ ਅੰਦਰ ਦਾਖਲ ਹੋ ਗਏ। ਬਦਮਾਸ਼ਾਂ ਨੇ ਪਿਸਤੌਲ ਦੀ ਨੋਕ ਤੇ ਦੁਕਾਨ ਵਿੱਚ ਪਈ 1 ਲੱਖ ਰੁਪਏ ਦੀ ਨਕਦੀ, ਜ਼ਰੂਰੀ ਦਸਤਾਵੇਜ਼ ਅਤੇ ਕੁਝ ਹੋਰ ਸਾਮਾਨ ਲੁੱਟਿਆ ਅਤੇ ਮੌਕੇ ਤੋਂ ਫਰਾਰ ਹੋ ਗਏ। ਫਰਾਰ ਹੁੰਦੇ ਸਮੇਂ ਮੁਲਜ਼ਮਾਂ ਨੇ ਦੁਕਾਨਦਾਰ ਸ਼ਟਰ ਹੇਠਾਂ ਸੁੱਟ ਦਿੱਤਾ। ਇਸ ਮਾਮਲੇ ਵਿਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਸਤਿੰਦਰ ਸਿੰਘ ਦੀ ਸ਼ਿਕਾਇਤ ਤੇ ਐਫਆਈਆਰ ਦਰਜ ਕਰਕੇ ਮਾਮਲੇ ਦੀ ਲਗਾਤਾਰ ਤਫਤੀਸ਼ ਜਾਰੀ ਰੱਖੀ। ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਵਧੇਰੇ ਪੁੱਛਗਿੱਛ ਸ਼ੁਰੂ ਕਰ ਦਿੱਤੀ। -ਮੁਲਜ਼ਮ ਅਰਵਿੰਦਰ ਸਿੰਘ ਦੇ ਖ਼ਿਲਾਫ਼ ਦਰਜ ਹਨ ਕਈ ਮੁਕੱਦਮੇ ਇਸ ਸਬੰਧੀ ਥਾਣਾ ਸਾਹਨੇਵਾਲ ਦੇ ਇੰਚਾਰਜ ਜਗਦੇਵ ਸਿੰਘ ਨੇ ਦੱਸਿਆ ਕਿ ਮੁਲਜਮ ਅਰਵਿੰਦਰ ਸਿੰਘ ਉਰਫ ਗੋਲੀ ਦੇ ਖਿਲਾਫ ਪਹਿਲੋਂ ਤੋਂ ਹੀ ਕਈ ਮੁਕੱਦਮੇ ਦਰਜ ਹਨ। ਮੁਲਜ਼ਮਾਂ ਦੇ ਖਿਲਾਫ ਥਾਣਾ ਡਿਵੀਜ਼ਨ-ਅੱਠ ਥਾਣਾ ਸਾਹਨੇਵਾਲ ਥਾਣਾ ਦੁਰਾਹਾ ਥਾਣਾ ਦਾਖਾ ਥਾਣਾ ਸਦਰ ਖੰਨਾ ਤੇ ਥਾਣਾ ਮਾਛੀਵਾੜਾ ਵਿਚ ਕੁੱਲ 9 ਅਪਰਾਧਕ ਕੇਸ ਦਰਜ ਹਨ। ਪੁਲਿਸ ਨੇ ਕਿਹਾ ਕਿ ਪੜਤਾਲ ਦੌਰਾਨ ਮੁਲਜ਼ਮਾਂ ਕੋਲੋਂ ਕਈ ਵੱਡੇ ਖੁਲਾਸੇ ਹੋ ਸਕਦੇ ਹਨ।