ਬਰਨਾਲਾ, 3 ਜਨਵਰੀ (ਬਘੇਲ ਸਿੰਘ ਧਾਲੀਵਾਲ/ਚਮਕੌਰ ਸਿੰਘ ਗੱਗੀ)-ਬਰਨਾਲਾ ਪੁਲਿਸ ਨੇ 3 ਵੱਖ-ਵੱਖ ਮਾਮਲਿਆਂ ’ਚ ਹੈਰੋਇਨ, ਕਾਰ ਤੇ ਨਾਜਾਇਜ਼ ਅਸਲੇ ਸਣੇ ਕੁੱਲ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐਸਐਸਪੀ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਬਰਨਾਲਾ ਪੁਲਿਸ ਵੱਲੋਂ ਸਮਾਜ ਵਿਰੋਧੀ ਮਾੜੇ ਅਨਸਰਾਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਵਿੱਢੀ ਹੋਈ ਹੈ। ਇਸ ਮੁਹਿੰਮ ਤਹਿਤ ਬਰਨਾਲਾ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਿਲ ਹੋਈ, ਜਦੋਂ ਐੱਸ.ਪੀ. (ਇੰਨ.) ਸੰਦੀਪ ਸਿੰਘ ਮੰਡ, ਡੀ.ਐੱਸ.ਪੀ. (ਇੰਨ.) ਰਾਜਿੰਦਰਪਾਲ ਸਿੰਘ ਤੇ ਸੀ.ਆਈ.ਏ. ਸਟਾਫ਼ ਬਰਨਾਲਾ ਦੇ ਇੰਚਾਰਜ਼ ਇੰਸਪੈਕਟਰ ਬਲਜੀਤ ਸਿੰਘ ਦੀ ਯੋਗ ਅਗਵਾਈ ਹੇਠ ਸੀਆਈਏ ਬਰਨਾਲਾ ਦੀ ਟੀਮ ਨੇ ਰਾਜਵੀਰ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਨੇੜੇ ਸ਼ਿਵ ਮੱਠ ਸੇਖਾ ਰੋਡ ਬਰਨਾਲਾ, ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਦਰਸ਼ਨ ਸਿੰਘ ਵਾਸੀ ਨੇੜੇ ਪਟਵਾਰਖਾਨਾ ਸੰਧੂ ਪੱਤੀ ਬਰਨਾਲਾ, ਅਮਰਿੰਦਰ ਸਿੰਘ ਉਰਫ਼ ਕਾਲੂ ਪੁੱਤਰ ਚੰਦ ਸਿੰਘ ਵਾਸੀ ਧਨੌਲਾ ਤੇ ਉਪਕਾਰ ਸਿੰਘ ਉਰਫ਼ ਗੱਗੂ ਪੁੱਤਰ ਮੱਖਣ ਸਿੰਘ ਵਾਸੀ ਨੇੜੇ ਕਾਲੀ ਮਾਤਾ ਮੰਦਿਰ ਦੁੱਲਟ ਪੱਤੀ ਲੋਂਗੋਵਾਲ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ 306 ਗ੍ਰਾਮ ਨਸ਼ੀਲਾ ਪਾਊਡਰ ਹੈਰੋਇਨ ਤੇ ਬਿਨਾਂ ਨੰਬਰੀ ਵਰਨਾ ਕਾਰ ਬਰਾਮਦ ਕੀਤੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਗਿਆ ਹੈ ਤੇ ਹੋਰ ਡੂੰਘਾਈ ਨਾਲ ਪੁੱਛ ਕੀਤੀ ਜਾ ਰਹੀ ਹੈ। ਐੱਸ.ਪੀ. (ਇੰਨ.) ਸੰਦੀਪ ਸਿੰਘ ਮੰਡ ਨੇ ਦੱਸਿਆ ਕਿ ਮੁਲਜ਼ਮ ਰਾਜਵੀਰ ਸਿੰਘ ਖ਼ਿਲਾਫ਼ ਥਾਣਾ ਸਿਟੀ ਬਰਨਾਲਾ ਵਿਖੇ ਤਿੰਨ ਮਾਮਲੇ ਦਰਜ ਹਨ। ਮੁਲਜ਼ਮ ਗੁਰਪ੍ਰੀਤ ਸਿੰਘ ਉਰਫ਼ ਗੋਪੀ ਖ਼ਿਲਾਫ਼ ਥਾਣਾ ਸਰਾਭਾ ਨਗਰ ਲੁਧਿਆਣਾ ਵਿਖੇ ਇਕ ਮਾਮਲਾ ਦਰਜ ਹੈ। ਇਸੇ ਤਰ੍ਹਾਂ ਮੁਲਜ਼ਮ ਅਮਰਿੰਦਰ ਸਿੰਘ ਉਰਫ ਕਾਲੂ ਖ਼ਿਲਾਫ਼ ਥਾਣਾ ਸਿਟੀ ਸੰਗਰੂਰ ਤੇ ਮੁਲਜ਼ਮ ਉਪਕਾਰ ਸਿੰਘ ਉਰਫ਼ ਗੱਗੂ ਖ਼ਿਲਾਫ਼ ਥਾਣਾ ਲੌਂਗੋਵਾਲ ਵਿਖੇ ਮਾਮਲਾ ਦਰਜ ਹੈ। ਸੀ.ਆਈ.ਏ. ਸਟਾਫ਼ ਬਰਨਾਲਾ ਦੇ ਇੰਚਾਰਜ਼ ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵਲੋਂ ਦੋ ਵੱਖ-ਵੱਖ ਮਾਮਲਿਆਂ ’ਚ ਦੋ ਵਿਅਕਤੀਆਂ ਨੂੰ ਨਾਜਾਇਜ਼ ਅਸਲੇ ਸਣੇ ਗ੍ਰਿਫ਼ਤਾਰ ਕੀਤਾ ਗਿਆ ਹੈ। ਪਹਿਲੇ ਮਾਮਲੇ ਸਬੰਧੀ ਉਨ੍ਹਾਂ ਦੱਸਿਆ ਕਿ ਸੀ.ਆਈ.ਏ. ਸਟਾਫ਼ ਬਰਨਾਲਾ ਦੀ ਟੀਮ ਵਲੋਂ ਜਸਵਿੰਦਰ ਸਿੰਘ ਉਰਫ਼ ਗੋਰਾ ਪੁੱਤਰ ਜੁਗਰਾਜ ਸਿੰਘ ਵਾਸੀ ਸਮਰਾ ਪੱਤੀ ਪੱਖੋ ਕਲਾਂ ਨੂੰ ਕਾਬੂ ਕਰਕੇ ਉਸਦੇ ਕਬਜ਼ੇ ’ਚੋਂ ਦੋ ਦੇਸੀ ਪਿਸਟਲ 32 ਬੋਰ ਸਮੇਤ ਮੈਗਜ਼ੀਨ ਤੇ ਦੋ ਜਿੰਦਾ ਕਾਰਤੂਸ 32 ਬੋਰ ਬਰਾਮਦ ਕਰਵਾਏ ਗਏ। ਜਿਸ ਸਬੰਧੀ ਥਾਣਾ ਰੂੜੇਕੇ ਕਲਾਂ ਵਿਖੇ ਮਾਮਲਾ ਦਰਜ ਕੀਤਾ ਗਿਆ। ਮੁਲਜ਼ਮ ਜਸਵਿੰਦਰ ਸਿੰਘ ਉਰਫ਼ ਗੋਰਾ ਖ਼ਿਲਾਫ਼ ਪਹਿਲਾਂ ਵੀ ਥਾਣਾ ਸਿਟੀ ਬਰਨਾਲਾ ਤੇ ਥਾਣਾ ਧਨੌਲਾ ਵਿਖੇ ਮਾਮਲੇ ਦਰਜ ਹਨ ਤੇ ਥਾਣਾ ਧਨੌਲਾ ਵਿਖੇ ਦਰਜ ਮਾਮਲੇ ’ਚ ਉਹ ਭਗੌੜਾ ਚੱਲਿਆ ਆ ਰਿਹਾ ਸੀ। ਇਸੇ ਤਰ੍ਹਾਂ ਦੂਜੇ ਮਾਮਲੇ ’ਚ ਸੀ.ਆਈ.ਏ. ਸਟਾਫ਼ ਦੀ ਟੀਮ ਵਲੋਂ ਮਨਦੀਪ ਸਿੰਘ ਉਰਫ਼ ਮੋਟੂ ਪੁੱਤਰ ਜਸਪਾਲ ਸਿੰਘ ਵਾਸੀ ਸੰਧੂ ਪੱਤੀ ਬਰਨਾਲਾ ਨੂੰ ਕਾਬੂ ਕਰਕੇ ਉਸਦੇ ਕਬਜ਼ੇ ’ਚੋਂ ਇਕ ਦੇਸੀ ਪਿਸਤੌਲ 32 ਬੋਰ ਸਮੇਤ ਮੈਗਜ਼ੀਨ ਤੇ ਇਕ ਜਿੰਦਾ ਕਾਰਤੂਸ 32 ਬਰਾਮਦ ਕਰਵਾਇਆ। ਮੁਲਜ਼ਮ ਖ਼ਿਲਾਫ਼ ਥਾਣਾ ਸਿਟੀ ਬਰਨਾਲਾ ਵਿਖੇ ਆਰਮਜ਼ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਦੋਵੇਂ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ’ਚ ਪੇਸ਼ ਕਰਦਿਆਂ ਰਿਮਾਂਡ ਹਾਸਿਲ ਕੀਤਾ ਗਿਆ ਹੈ ਤਾਂ ਜੋ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।