ਬਰਨਾਲਾ, 24 ਅਪ੍ਰੈਲ (ਬਘੇਲ ਸਿੰਘ ਧਾਲੀਵਾਲ/ਚਮਕੌਰ ਸਿੰਘ ਗੱਗੀ)-ਪੁਲਿਸ ਦਾ ਕੰਮ ਅਮਨ ਕਨੂੰਨ ਬਣਾਕੇ ਰੱਖਣ ਦਾ ਹੁੰਦਾ ਹੈ,ਪਰ ਏਥੇ ਪੁਲਿਸ ਨੂੰ ਅਮਨ ਕਨੂੰਨ ਭੰਗ ਕਰਨ ਵਾਸਤੇ ਵਰਤਿਆ ਜਾ ਰਿਹਾ ਹੈ। ਚੋਣਾਂ ਵਿੱਚ ਸੱਤਾਧਾਰੀ ਧਿਰ ਦੇ ਹੱਕ ’ਚ ਭੁਗਤਣਾ ਹੀ ਮੌਜੂਦਾ ਸਮੇਂ ਵਿੱਚ ਪੁਲਿਸ ਦੇ ਮੁੱਖ ਫਰਜ਼ ਬਣਕੇ ਰਹਿ ਗਏ ਹਨ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੀਆਂ ਸਰਕਾਰਾਂ ਦੀਆਂ ਧੱਕੇਸ਼ਾਹੀਆਂ ਨੂੰ ਬੌਨਾ ਕਰ ਦਿੱਤਾ ਹੈ। ਅਜਿਹਾ ਕੁੱਝ ਪਿੰਡ ਝਲੂਰ ਵਿੱਚ ਉਦੋਂ ਦੇਖਣ ਨੂੰ ਮਿਲਿਆ ਜਦੋਂ ਪਿੰਡ ਝਲੂਰ ਦੀ ਸਹਿਕਾਰੀ ਸਭਾ ਦੀ ਪ੍ਰਬੰਧਕ ਕਮੇਟੀ ਦੀ ਚੋਣ ਲਈ ਕਾਗਜ ਦਾਖਲ ਕੀਤੇ ਜਾ ਰਹੇ ਸਨ ਤਾਂ ਸੱਤਾਧਾਰੀਆਂ ਨੇ ਵਿਰੋਧੀ ਧਿਰ ਦੇ ਕੁੱਲ 7 ਵਿੱਚੋਂ ਇੱਕ ਗੁਰਦੇਵ ਸਿੰਘ ਰੰਧਾਵਾ ਦੇ ਕਾਗਜ਼ ਦਾਖਲ ਨਹੀ ਕਰਨ ਦਿੱਤੇ ਗਏ ਅਤੇ ਤਿੰਨ ਉਮੀਦਵਾਰਾਂ ਜਿੰਨਾਂ ਵਿੱਚ ਪ੍ਰਧਾਨਗੀ ਦੇ ਉਮੀਦਵਾਰ ਰਣਜੀਤ ਸਿੰਘ ਜੌਹਲ ਸ਼ਾਮਲ ਹਨ ਦੇ ਕਾਗਜ਼ਾਂ ਤੇ ਇਤਰਾਜ਼ ਲਾ ਕੇ ਕਾਗਜ਼ ਰੱਦ ਕਰਨ ਦੀ ਪ੍ਰਕਿਰਿਆ ਸੁਰੂ ਕਰ ਦਿੱਤੀ, ਭਾਵੇਂ ਵਿਰੋਧ ਹੋ ਜਾਣ ਦੇ ਕਾਰਨ ਰਣਜੀਤ ਸਿੰਘ ਦੇ ਕਾਗਜ਼ ਤਾਂ ਰੱਦ ਨਹੀਂ ਕੀਤੇ ਗਏ ਪਰ ਦੋ ਹੋਰ ਔਰਤ ਉਮੀਦਵਾਰਾਂ ਦੇ ਕਾਗਜ ਰੱਦ ਕਰਕੇ ਇਸ ਮਜ਼ਬੂਤ ਧਿਰ ਨੂੰ ਬਹੁਸੰਮਤੀ ’ਚੋਂ ਹੀ ਬਾਹਰ ਕਰਵਾ ਦਿੱਤਾ ਗਿਆ। ਸੁਸਾਇਟੀ ਦੇ ਵੋਟਰਾਂ ਨੇ ਕਿਹਾ ਕਿ ਕਿਸਾਨਾਂ ਦੀ ਸਭਾ ਵਿੱਚ ਅੱਜ ਤੱਕ ਕਿਸੇ ਵੀ ਪਾਰਟੀ ਨੇ ਸਰਕਾਰ ਨੇ ਇਸ ਵਿੱਚ ਦਖਲ ਨਹੀਂ ਦਿੱਤਾ, ਪਰ ਮੌਜੂਦਾ ਸਰਕਾਰ ਨੇ ਸਹਿਕਾਰੀ ਸਭਾਵਾਂ ਵਿੱਚ ਦਖਲ ਦੇ ਕੇ ਲੋਕਤੰਤਰ ਦਾ ਗਲਾ ਘੁੱਟਿਆ ਜਾ ਰਿਹਾ, ਇਥੇ ਝਲੂਰ ਵਿੱਚ ਵੀ ਪ੍ਰਧਾਨਗੀ ਦੇ ਦਾਅਵੇਦਾਰ ਜਿਸਨੂੰ ਸੁਸਾਇਟੀ ਦੇ ਮੈਂਬਰਾਂ ਦਾ ਪੂਰਨ ਸਹਿਯੋਗ ਹੋਣ ਦੇ ਡਰ ਕਾਰਨ ਬਿਨਾਂ ਕਿਸੇ ਗੱਲ ਤੋਂ ਇਤਰਾਜ ਲਗਾਕੇ ਕਾਗਜ ਰੱਦ ਕਰਵਾ ਦਿੱਤੇ ਗਏ ਅਤੇ ਹਾਰ ਦੇ ਡਰ ਤੋਂ ਬੁਖਲਾਹਟ ਵਿੱਚ ਆਈ ਪਾਰਟੀ ਨੇ ਇੱਕ ਬੀਬੀ ਉਮੀਦਵਾਰ ਦੇ ਕਾਗ਼ਜ਼ ਵਾਪਿਸ ਵਾਲੇ ਫਾਰਮ ਤੇ ਦਸਤਖ਼ਤ ਕਰਵਾ ਲਏ, ਜਿਸ ਸਬੰਧੀ ਸੁਸਾਇਟੀ ਦੇ ਮੈਂਬਰਾਂ ਨੇ ਸਰਕਾਰ ਦੀ ਧੱਕੇਸ਼ਾਹੀ ਵਿਰੁੱਧ ਆਵਾਜ਼ ਬੁਲੰਦ ਕੀਤੀ ਅਤੇ ਚੋਣਾਂ ਦੇ ਬਾਈਕਾਟ ਦਾ ਐਲਾਨ ਕੀਤਾ, ਧੋਖੇ ਨਾਲ ਮਹਿਲਾ ਉਮੀਦਵਾਰ ਦੇ ਕਾਗ਼ਜ਼ ਵਾਪਿਸ ਕਰਵਾਉਣ ਸਬੰਧੀ ਅਤੇ ਬਿਨਾ ਕਿਸੇ ਇਤਰਾਜ ਕਾਗ਼ਜ਼ ਰੱਦ ਕਰਨ ਦੇ ਵਿਰੋਧ ਵਿੱਚ ਸਹਾਇਕ ਰਜਿਸਟਰਾਰ ਨੂੰ ਇਕ ਮੰਗ ਪੱਤਰ ਦਿੱਤਾ ਗਿਆ, ਦਿਲਚਸਪ ਗੱਲ ਇਹ ਹੈ ਕਿ ਇਸ ਕਾਰਜ ਲਈ ਸਾਰਾ ਸਰਕਾਰੀ ਤੰਤਰ ਸੱਤਾਧਾਰੀਆਂ ਦੀ ਖ਼ੁਸ਼ਾਮਦ ਕਰਦਾ ਦੇਖਿਆ ਗਿਆ ਹੈ। ਜਦੋਂਕਿ ਸਹਾਇਕ ਰਜਿਸਟਰਾਰ ਬਰਨਾਲਾ ਦੇ ਦਸਤਖਤਾਂ ਹੇਠ ਜਾਰੀ ਹੋਈ ਫਾਇਨਲ ਵੋਟਰ ਸੂਚੀ ਅਨੁਸਾਰ ਸੁਸਾਇਟੀ ਮੈਂਬਰ ਵੋਟ ਪਾਉਣ ਅਤੇ ਚੋਣ ਲੜਨ ਦੇ ਹੱਕਦਾਰ ਹੁੰਦੇ ਹਨ, ਪਰ ਇੱਥੇ ਨਿਯਮਾਂ ਨੂੰ ਸ਼ਰੇਆਮ ਸ਼ਿੱਕੇ ਟੰਗਿਆ ਗਿਆ।ਇਹ ਪਹਿਲੀ ਵਾਰ ਹੋਇਆ ਕਿ ਲੋਕਾਂ ਵਿੱਚ ਦਹਿਸ਼ਤ ਪੈਦਾ ਕਰਨ ਲਈ ਪਿੰਡ ਝਲੂਰ ਦੀ ਸਹਿਕਾਰੀ ਸਭਾ ਦੀ ਚੋਣ ਲਈ ਕਾਗਜ਼ ਦਾਖਲ ਕਰਨ ਸਮੇਂ ਵੱਡੀ ਗਿਣਤੀ ਵਿੱਚ ਪੁਲਿਸ ਤਾਇਨਾਤ ਕੀਤੀ ਗਈ। ਐਸਪੀ ਹੈਡਕੁਆਟਰ ਰਾਜੇਸ਼ ਛਿੱਬਰ ਜਿਹੜੇ ਪਿਛਲੀ ਵਾਰ ਸੁਸਾਇਟੀ ਦੀ ਚੋਣ ਵਿੱਚ ਬਤੌਰ ਡੀਐਸਪੀ ਬਰਨਾਲਾ ਸਨ ਉੱਥੇ ਮੌਜੂਦ ਰਹੇ ਸਨ ਅਤੇ ਉਹ ਉਸ ਮੌਕੇ ਕੀਤੀ ਧੱਕੇਸ਼ਾਹੀ ਲਈ ਜਿੰਮੇਵਾਰ ਸਮਝੇ ਗਏ ਸਨ,ਉਹ ਵੀ ਸਪੈਸਿਲ ਤੌਰ ਤੇ ਸੁਸਾਇਟੀ ਦਾ ਦੌਰਾ ਕਰਕੇ ਗਏ। ਇਸ ਤੋਂ ਇਲਾਵਾ ਡੀਐਸਪੀ ਬਰਨਾਲਾ ਸਤਵੀਰ ਸਿੰਘ ਅਤੇ ਥਾਣਾ ਸਦਰ ਦੇ ਐਸਐਚਓ ਸ਼ੇਰਵਿੰਦਰ ਸਿੰਘ ਵੀ ਆਪਣੀ ਪੁਲਿਸ ਪਾਰਟੀ ਸਮੇਤ ਹਾਜ਼ਰ ਰਹੇ। ਜਦੋਂ ਇਸ ਸਬੰਧੀ ਸੁਸਾਇਟੀ ਦੇ ਇੰਸਪੈਕਟਰ ਗੁਰਮਨਮੀਤ ਸਿੰਘ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਸੋਸਾਇਟੀ ਦੀਆਂ ਚੋਣਾਂ ਪਾਰਦਰਸ਼ੀ ਤਰੀਕੇ ਨਾਲ ਕਰਵਾਉਣ ਦੀ ਗੱਲ ਆਖੀ ਅਤੇ ਕਿਹਾ ਕਿ ਜਿੰਨਾ ਉਮੀਦਵਾਰਾਂ ਦੇ ਕਾਗਜ਼ ਰੱਦ ਹੋਏ ਹਨ ਉਹਨਾਂ ਵਿੱਚ ਇੱਕ ਬੀਬੀ ਦਾ ਜਿਸ ਦਾ ਸੁਸਾਇਟੀ ਨਾਲ ਕਾਫੀ ਲੰਮੇ ਸਮੇਂ ਤੋਂ ਕੋਈ ਲੈਣ ਦੇਣ ਨਹੀਂ ਕੀਤਾ ਸੀ ਅਤੇ ਦੂਸਰੀ ਬੀਬੀ ਜਿਸਦਾ ਲਗਾਤਾਰ ਦੋ ਬਾਰ ਮੈਂਬਰ ਰਹਿਣ ਤੋਂ ਬਾਅਦ ਤੀਜੀ ਵਾਰ ਇਕ ਟਰਮ ਦਾ ਗੇਪ ਹੋਣਾ ਜਰੂਰੀ ਹੁੰਦਾ ਇਸ ਲਈ ਉਸਦੇ ਰੱਦ ਕੀਤੇ ਗਏ ਹਨ। ਇਸ ਮੌਕੇ ਸੁਸਾਇਟੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਭੁਪਿੰਦਰ ਸਿੰਘ ਝਲੂਰ, ਬਲਾਕ ਸੰਮਤੀ ਮੈਂਬਰ ਇਕਬਾਲ ਸਿੰਘ, ਗੁਰਮੀਤ ਸਿੰਘ, ਦਰਸਨ ਸਿੰਘ, ਅਮਰਜੀਤ ਸਿੰਘ, ਹਰਪ੍ਰੀਤ ਸਿੰਘ, ਬੁੱਧ ਰਾਮ, ਰਣਜੀਤ ਸਿੰਘ, ਇਕਬਾਲ ਸਿੰਘ, ਰਣਜੀਤ ਸਿੰਘ, ਰਾਜਵਿੰਦਰ ਸਿੰਘ, ਪਰਮਜੀਤ ਸਿੰਘ, ਸਿੰਗਾਰਾ ਸਿੰਘ, ਰਾਜਵਿੰਦਰ ਕੌਰ ਕੌਰ ਬਲਵਿੰਦਰ ਕੌਰ ਸੁਖਵੀਰ ਕੌਰ ਆਦਿ ਹਾਜਰ ਸਨ।