ਧਨੌਲਾ, 25 ਅਪ੍ਰੈਲ (ਚਮਕੌਰ ਸਿੰਘ ਗੱਗੀ) ਬਰਨਾਲਾ ਜਿਲਾ ਦੇ ਸਭ ਤੋਂ ਵੱਡੇ ਉਦਯੋਗ ਟਰਾਈਡੈਂਟ ਵੱਲੋਂ ਪਹਿਲਾਂ ਲੋਕਾਂ ਨੂੰ ਕੈਂਸਰ ਵਰਗੇ ਗੰਭੀਰ ਕਦੇ ਨਾਂ ਭਰਨ ਵਾਲੇ ਜਖਮ ਦਿੱਤੇ ਤੇ ਹੁਣ ਕੈਂਸਰ ਮੇਲਾ ਲਗਾ ਕੇ ਮਲ੍ਹਮ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ,ਦਸਣਯੋਗ ਹੈ ਕਿ ਬਰਨਾਲਾ ਜਿਲੇ ਦੇ ਸੰਘੇੜਾ ਅਤੇ ਧੌਲਾ ਵਿੱਚ ਫੈਲਿਆ ਵੱਡਾ ਉਦਯੋਗ ਟਰਾਈਡੈਂਟ ਵੱਲੋਂ ਵਰਲਡ ਕੈਂਸਰ ਕੇਅਰ ਸੰਸਥਾ ਦੇ ਸਹਿਯੋਗ ਨਾਲ ਸੰਘੇੜਾ ਸਥਿਤ ਕੈਂਸਰ ਮੇਲਾ ਲਾਇਆ ਜਾ ਰਿਹਾ ਹੈ। ਟਰਾਈਡੈਂਟ ਉਦਯੋਗ ਜਿਸਦਾ ਇਕ ਕੈਮੀਕਲ ਪਲਾਂਟ ਧੌਲਾ ਵਿਖੇ ਲੱਗਿਆ ਹੋਇਆ ਹੈ, ਜਿਸ ਦਾ ਵੇਸਟੇਜ ਪਾਣੀ ਕਥਿਤ ਤੌਰ ਤੇ ਧਰਤੀ ਵਿੱਚ ਬੋਰ ਕਰਕੇ ਪਾਇਆ ਜਾ ਰਿਹਾ ਜਿਸ ਸਬੰਧੀ ਕਈ ਬਾਰ ਕਿਸਾਨ ਜਥੇਬੰਦੀਆਂ ਵੱਲੋਂ ਧਰਨੇ ਮੁਜਾਹਰੇ ਕੀਤੇ ਗਏ, ਪਰ ਉਦਯੋਗ ਦੇ ਮਾਲਕ ਨੇ ਇਸ ਮੰਗ ਵੱਲ ਧਿਆਨ ਨਹੀਂ ਦਿੱਤਾ ਤੇ ਆਪਣੇ ਕੰਮ ਇਸੇ ਤਰਾਂ ਜਾਰੀ ਰੱਖਿਆ, ਤੇ ਅੱਜ ਵੀ ਪਹਿਲਾਂ ਦੀ ਤਰਾਂ ਫੈਕਟਰੀ ਦਾ ਗੰਧਲਾ ਪਾਣੀ ਧਰਤੀ ਵਿੱਚ ਹੋ ਪਾਇਆ ਜਾ ਰਿਹਾ, ਜਿਹੜਾ ਪਾਣੀ ਲੋਕਾਂ ਦੀਆਂ ਮੋਟਰਾਂ ਰਾਹੀਂ ਘਰਾਂ ਵਿੱਚ ਪਹੁੰਚ ਗਿਆ, ਜਿਸ ਨਾਲ ਜਿੱਥੇ ਫੈਕਟਰੀ ਦੇ ਗੰਧਲੇ ਪਾਣੀ ਨਾਲ ਮਨੁੱਖੀ ਸਿਹਤ ਤੇ ਬੁਰਾ ਅਸਰ ਪਿਆ , ਉਥੇ ਇਸ ਫੈਕਟਰੀ ਦੇ ਗੰਧਲੇ ਪਾਣੀ ਨਾਲ ਲੋਕਾਂ ਦੀਆਂ ਫ਼ਸਲਾਂ ਬਰਬਾਦ ਹੋ ਗਈਆਂ , ਧੌਲਾ ਪਲਾਂਟ ਦੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਨੇ ਕਿਹਾ ਕਿ ਫੈਕਟਰੀ ਵੱਲੋਂ ਪਹਿਲਾਂ ਆਪਣੇ ਕੈਮੀਕਲਾਂ ਨਾਲ ਇਲਾਕੇ ਦੇ ਲੋਕਾਂ ਨੂੰ ਕੈਂਸਰ ਵੰਡਿਆ ਹੁਣ ਕੈਂਸਰ ਮੇਲੇ ਲਗਾ ਕੇ ਮੱਲਮ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਕੈਂਸਰ, ਕਾਲਾ ਪੀਲੀਆ ਗੁਰਦਿਆਂ ਦੀਆਂ ਬਿਮਾਰੀਆਂ ਸਮੇਤ ਚਮੜੀ ਰੋਗ ਵਰਗੇ ਗੰਭੀਰ ਰੋਗਾਂ ਨੂੰ ਜਨਮ ਦੇਣ ਵਾਲੀ ਇਹ ਫੈਕਟਰੀ ਹੈ, ਇਸ ਉਦਯੋਗਪਤੀ ਵੱਲੋਂ ਪਹਿਲਾਂ ਧੱਕੇ ਨਾਲ ਕਿਸਾਨਾਂ ਦੀਆਂ ਜ਼ਮੀਨੀ ਐਕਵਾਇਰ ਕਰਕੇ ਉਹਨਾਂ ਦੀਆਂ ਲਾਸਾਂ ਤੇ ਵੱਡੇ ਵੱਡੇ ਕਾਰਖਾਨੇ ਉਸਾਰਨ ਵਾਲੇ
ਉਦਯੋਪਤੀਆਂ ਵੱਲੋਂ ਉਸਾਰੇ ਰਸਾਇਣਕ ਕਾਰਖਾਨਿਆਂ ਦੀਆਂ ਜਹਿਰੀਲੀਆਂ ਗੈਸਾਂ ਫਸਲਾਂ ਅਤੇ ਨਸਲਾਂ ਨੂੰ ਬਰਬਾਦ ਕਰਨ ਦੀਆਂ ਜਿੰਮੇਵਾਰ ਹਨ।ਕਾਰਖਾਨੇਦਾਰਾਂ ਵੱਲੋਂ ਬੇ-ਹਿਸਾਬੇ ਮੁਨਾਫੇ ਦੇ ਲਾਲਚ ਵਿੱਚ ਖੁਦ ਪੈਦਾ ਕੀਤੀਆਂ ਭਿਆਨਕ ਬਿਮਾਰੀਆਂ ਚੋ ਇੱਕ ਮਾਰੂ ਬਿਮਾਰੀ ਦੇ ਨਾਮ ਤੇ ਲਾਇਆ ਜਾ ਰਿਹਾ ਇਹ ਮੇਲਾ ਜਿੱਥੇ ਕੰਗਾਲੀ ਦੀ ਕਾਗਾਰ ਤੇ ਪਹੁੰਚਾ ਦਿੱਤੇ ਗਏ ਅਭਾਗੇ ਪੀੜਤ ਲੋਕਾਂ ਦੀ ਮਜਬੂਰੀ ਅਤੇ ਬੇ-ਵਸੀ ਦਾ ਮਜਾਕ ਉਡਾਉਂਦਾ ਹੈ,ਓਥੇ ਮੁਫਤ ਦੇ ਲੋਲੀਪੋਲ ਨਾਲ ਲੁਭਾਉਣ ਦਾ ਕੋਝਾ ਯਤਨ ਵੀ ਹੈ । ਕੈਂਸਰ ਅਜਿਹੀ ਭਿਆਨਕ ਬਿਮਾਰੀ ਹੈ ਜਿਹੜੀ ਜਿਸ ਵਿਅਕਤੀ ਨੂੰ ਚਿੰਬੜ ਜਾਂਦੀ ਹੈ,ਉਹਦੇ ਸਰੀਰ ਦਾ ਮਾਸ ਖਤਮ ਹੋਣ ਤੱਕ ਨੋਚਦੀ ਰਹਿੰਦੀ ਹੈ, ਅਖੀਰ ਬਿਮਾਰ ਵਿਅਕਤੀ ਤਿਲ ਤਿਲ ਹੋ ਕੇ ਮਰ ਜਾਂਦਾ ਹੈ ਅਤੇ ਏਸੇ ਰਫਤਾਰ ਨਾਲ ਉਹਦਾ ਘਰ ਵੀ ਖਤਮ ਹੋ ਜਾਂਦਾ ਹੈ,ਕਿਉਂਕਿ ਇਹ ਬਿਮਾਰੀ ਨਾ ਪੀੜਤ ਨੂੰ ਛੱਡਦੀ ਹੈ ਅਤੇ ਨਾ ਹੀ ਘਰ ਵਿੱਚ ਪੈਸਾ ਛੱਡਦੀ ਹੈ।ਇਲਾਜ ਦੇ ਨਾਮ ਤੇ ਹੁੰਦੀ ਅੰਨ੍ਹੀ ਲੁੱਟ ਹੁਣ ਕਿਸੇ ਤੋ ਲੁਕੀ ਛੁਪੀ ਨਹੀ ਹੈ।ਆਮ ਸਾਧਾਰਨ ਪਰਿਵਾਰ ਇਸ ਬਿਮਾਰੀ ਦਾ ਮਹਿੰਗਾ ਇਲਾਜ ਨਾ ਕਰਵਾ ਸਕਣ ਕਰਕੇ ਝੂਰਦੇ ਰਹਿੰਦੇ ਹਨ ਅਤੇ ਸਰਦੇ ਪੁੱਜਦੇ ਲੋਕ ਪੈਸੇ ਨਾਲ ਵੀ ਆਪਣਿਆਂ ਨੂੰ ਨਾ ਬਚਾਅ ਸਕਣ ਕਰਕੇ ਝੂਰਦੇ ਰਹਿੰਦੇ ਹਨ।

ਜਦੋਂ ਇਸ ਸਬੰਧੀ ਵਰਲਡ ਕੈਂਸਰ ਕੇਅਰ ਸੰਸਥਾ ਦੇ ਸੰਸਥਾਪਕ ਕੁਲਵੰਤ ਸਿੰਘ ਧਾਲੀਵਾਲ ਨਾਲ ਗੱਲਬਾਤ ਦੌਰਾਨ ਪੁੱਛਿਆ ਕਿ ਜਿਹੜੇ ਉਦਯੋਗ ਇਲਾਕੇ ਵਿੱਚ ਕੈਂਸਰ ਸਮੇਤ ਹੋਰ ਭਿਆਨਕ ਬਿਮਾਰੀਆਂ ਦੀ ਉਪਜ ਦੇ ਕਸੂਰਵਾਰ ਹਨ , ਤੇ ਤੁਹਾਡੇ ਵਲੋਂ ਉਥੇ ਕੈਂਸਰ ਚੈੱਕਅਪ ਕੈਪ ਦਾ ਨਾਮ ਨਾਂ ਰੱਖ ਕੇ ਕੈਸਰ ਮੇਲਾ ਲਾਇਆ ਜਾ ਰਿਹਾ, ਜੌ ਕਿ ਪੀੜਤਾਂ ਨਾਲ ਕੋਝਾ ਮਜਾਕ ਹੈ ਤਾਂ ਓਹਨਾ ਕਿਹਾ ਕਿ ਇਹ ਤਾਂ ਅਸੀਂ ਕੈਂਸਰ ਦੇ ਮਰੀਜਾ ਦੇ ਅੰਕੜੇ ਇਕੱਠੇ ਕਰਕੇ ਯੂ ਐਨ ਓ ਨੂੰ ਦੇਣੇ ਹਨ, ਤਾਂ ਜੌ ਪਤਾ ਲਗਾਇਆ ਜਾ ਸਕੇ ਕਿ ਇਸ ਇਲਾਕੇ ਵਿੱਚ ਏਨਾ ਕੈਂਸਰ ਕਿਉ। ਉਹਨਾਂ ਦੇ ਜਵਾਬ ਤੋ ਸਪੱਸ਼ਟ ਹੋ ਗਿਆ ਹੈ ਕਿ ਚੋਰਾਂ ਨਾਲ ਕੁੱਤੀ ਰਲੀ ਹੋਈ ਹੈ ਅਤੇ ਉਹਨਾਂ ਨੂੰ ਲੋਕਾਂ ਨਾਲ ਨਹੀਂ ਬਲਕਿ ਹੁਣ ਯੂ ਐਨ ਓ ਤੱਕ ਪੰਜਾਬ ਨੂੰ ਬਦਨਾਮ ਕਰਕੇ ਉਹਨਾਂ ਤੋ ਵੀ ਕਰੈਡਿਟ ਲੈਣ ਦੀ ਤਾਕ ਵਿੱਚ ਬੈਠੇ ਹਨ,ਜਦੋਂਕਿ ਚਾਹੀਦਾ ਤਾਂ ਇਹ ਸੀ ਕੁਲਵੰਤ ਸਿੰਘ ਧਾਲੀਵਾਲ ਇਹ ਰਿਪੋਰਟ ਭੇਜਦੇ ਅਤੇ ਦੁਨੀਆਂ ਨੂੰ ਦੱਸਦੇ ਕਿ ਕਿਵੇਂ ਮਾਲਵੇ ਦੇ ਕਿਸਾਨਾਂ ਤੋ ਜ਼ਮੀਨ ਹੜੱਪਣ ਵਾਲੇ ਕਾਰਪੋਰੇਟ ਨੇ ਇੱਥੋਂ ਦੇ ਲੋਕਾਂ ਨੂੰ ਰੋਜ਼ਗਾਰ ਦੇਣ ਦੀ ਥਾਂ ਬਿਮਾਰੀਆਂ ਦਿੱਤੀਆਂ ਹਨ,ਪਰ ਪਦਾਰਥ ਅਤੇ ਸੁਆਰਥ ਦੇ ਭੁੱਖੇ ਲੋਕ ਕਦੇ ਵੀ ਮਨੁੱਖਤਾਵਾਦੀ ਨਹੀਂ ਹੋ ਸਕਦੇ।ਸੋ ਇਲਾਕੇ ਦੇ ਲੋਕਾਂ ਨੂੰ ਅਜਿਹੇ ਮੁਨਾੱਫਾਖੋਰਾਂ ਦੀਆਂ ਝੂਠੀ ਭਾਵੁਕਤਾ ਦਿਖਾ ਕੇ ਮਿੱਠੀਆਂ ਅਤੇ ਝੂਠੀਆਂ ਗੱਲਾਂ ਵਿੱਚ ਆਉਣ ਦੀ ਬਜਾਏ ਇਹਨਾਂ ਦੀਆਂ ਚਲਾਕੀਆਂ ਨੂੰ ਸਮਝਣ ਦੀ ਲੋੜ ਹੈ ਕਿ ਕਿਵੇਂ ਇਹ ਮੁਨਾਫਾਖੋਰ ਟੋਲਾ ਇੱਕ ਦੂਜੇ ਨੂੰ ਲਾਭ ਪਹੁੰਚਾਉਣ ਲਈ ਲੋਕਾਂ ਦੀ ਮਜਬੂਰੀ ਦਾ ਫ਼ਾਇਦਾ ਉਠਾ ਰਿਹਾ ਹੈ।
