ਲੁਧਿਆਣਾ: ਪੰਜਾਬ ’ਚ ਗਰਮੀ ਹੁਣ ਜ਼ੋਰ ਫੜੇਗੀ। ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ ਵੀਰਵਾਰ ਤੋਂ ਪੰਜਾਬ ’ਚ ਲੂ ਸ਼ੁਰੂ ਹੋ ਜਾਵੇਗੀ ਅਤੇ 29 ਅਪ੍ਰੈਲ ਤੱਕ ਮੌਸਮ ਕਾਫੀ ਗਰਮ ਰਹੇਗਾ। ਇਸ ਦੌਰਾਨ ਮੀਂਹ ਦੀ ਸੰਭਾਵਨਾ ਨਹੀਂ ਹੈ। ਦਿਨ ਦਾ ਤਾਪਮਾਨ 43 ਤੋਂ 44 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ।ਬੁੱਧਵਾਰ ਨੂੰ ਕਈ ਜ਼ਿਲ੍ਹਿਆਂ ’ਚ ਗਰਮ ਹਵਾਵਾਂ ਚੱਲੀਆਂ। ਮੌਸਮ ਕੇਂਦਰ ਚੰਡੀਗੜ੍ਹ ਦੇ ਅਨੁਸਾਰ ਬਠਿੰਡਾ ਸਭ ਤੋਂ ਗਰਮ ਰਿਹਾ, ਜਿਥੇ ਲਗਾਤਾਰ ਤੀਜੇ ਦਿਨ ਤਾਪਮਾਨ 42 ਡਿਗਰੀ ਸੈਲਸੀਅਸ ਤੋਂ ਵੱਧ ਰਿਹਾ ਜਦਕਿ ਲੁਧਿਆਣਾ, ਪਟਿਆਲਾ, ਚੰਡੀਗੜ੍ਹ ’ਚ ਤਾਪਮਾਨ 39 ਡਿਗਰੀ, ਅੰਮ੍ਰਿਤਸਰ, ਫਿਰੋਜ਼ਪੁਰ ’ਚ ਤਾਪਮਾਨ 38 ਡਿਗਰੀ ਅਤੇ ਜਲੰਧਰ, ਮੋਗਾ, ਮੁਹਾਲੀ, ਫਤਹਿਗੜ੍ਹ ਸਾਹਬ ’ਚ ਤਾਪਮਾਨ 37 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।