ਲੰਡਨ - ਪਹਿਲਗਾਮ ਵਿੱਚ ਨਿਰਦੋਸ਼ ਸੈਲਾਨੀਆ ਦੇ ਹੋਏ ਕਤਲੇਆਮ ਦੀ ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਸਖਤ ਨਿਖੇਧੀ ਕੀਤੀ ਗਈ ਹੈ । ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਜਨਰਲ ਸਕੱਤਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਜਾਰੀ ਪ੍ਰੈਸ ਬਿਆਨ ਵਿੱਚ ਦੁਨੀਆਂ ਭਰ ਦੀਆਂ ਇਨਸਾਫ ਪਸੰਦ ਜਥੇਬੰਦੀਆਂ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਨੂੰ ਅਪੀਲ ਕੀਤੀ ਹੈ ਇਸ ਖੌਫਨਾਕ ਕਤਲੇਆਮ ਦੀ ਉੱਚ ਪੱਧਰੀ ਜਾਂਚ ਕਰਵਾਉਣ ਲਈ ਅਵਾਜ਼ ਬੁਲੰਦ ਕੀਤੀ ਜਾਵੇ । ਹਾਲ ਹੀ ਦੌਰਾਨ ਪਹਿਲਗਾਮ ਵਿੱਚ ਨਿਰਦੋਸ਼ ਵਿਆਕਤੀਆਂ ਦਾ ਕਤਲ ਬੇਅੰਤ ਦੁਖਦਾਈ ਵਰਤਾਰਾ ਹੈ। ਸਿੱਖ ਕੌਮ ਇਸ ਅਸਹਿ ਪੀੜ੍ਹ ਦਾ ਅਹਿਸਾਸ ਕਰ ਸਕਦੀ ਹੈ ਕਿਉਂਕਿ ਅਜਿਹਾ ਭਾਣਾ ਹੀ 20 ਮਾਰਚ 2000 ਦੀ ਰਾਤ ਨੂੰ ਵਾਪਰਿਆ ਸੀ ਜਦੋਂ ਫ਼ੌਜੀ ਵਰਦੀ ਵਿੱਚ ਆਏ ਅਣਪਛਾਤੇ ਵਿਅਕਤੀਆਂ ਨੇ ਚਿੱਠੀ ਸਿੰਘਪੁਰਾ ਵਿੱਚ ਤਲਾਸ਼ੀ ਦੇ ਬਹਾਨੇ 36 ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ।ਇਹ ਵੀ ਇਤਫਾਕ ਹੀ ਕਿਹਾ ਜਾ ਸਕਦਾ ਹੈ ਕਿ ਉਸ ਸਮੇਂ ਅਮਰੀਕਾ ਦੇ ਰਾਸ਼ਟਰਪਤੀ ਨੇ ਭਾਰਤ ਦੀ ਯਾਤਰਾ ਕਰਨੀ ਸੀ ਅਤੇ ਹੁਣ ਅਮਰੀਕਾ ਦਾ ਉਪ ਰਾਸ਼ਟਰਪਤੀ ਦੌਰਾ ਕਰ ਰਿਹਾ ਹੈ। ਇਹ ਦੋਵੇਂ ਕਤਲੇਆਮ ਇੱਕ ਹੀ ਤਰੀਕੇ ਨਾਲ ਕੀਤੇ ਗਏ ਹਨ । ਇਸ ਦੀ ਜਾਂਚ ਕਿਸੇ ਵਿਦੇਸ਼ੀ ਏਜੰਸੀ ਤੋਂ ਕਰਵਾਈ ਜਾਣੀ ਚਾਹੀਦੀ ਹੈ । ਕਿਉਂ ਕਿ ਪੱਚੀ ਸਾਲ ਪਹਿਲਾ ਚਿੱਠੀ ਸਿੰਘਪੁਰਾ ਵਿਖੇ ਸਿੱਖਾਂ ਹੋਏ ਸਮੂਹਿਕ ਕਤਲੇਆਮ ਵਿੱਚ ਭਾਰਤ ਸਰਕਾਰ ਦੀਆਂ ਖੂਫੀਆ ਏਜੰਸੀਆਂ ਦਾ ਹੱਥ ਸਾਹਮਣੇ ਆ ਚੁੱਕਾ ਹੈ । ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਅਰਦਾਸ ਹੈ ਕਿ ਅਕਾਲ ਪੁਰਖ ਵਾਹਿਗੁਰੂ ਵਿੱਛੜੀਆਂ ਰੂਹਾਂ ਨੂੰ ਸ਼ਾਂਤੀ ਬਖਸ਼ੇ ਅਤੇ ਪਿੱਛੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ਼ ਬਖਸ਼ਣ ।