ਧਨੌਲਾ, 24 ਮਈ (ਚਮਕੌਰ ਸਿੰਘ ਗੱਗੀ)-ਆਸ਼ਾ ਵਰਕਰ ਅਤੇ ਫੈਸਲੀਟੇਟਰ ਯੂਨੀਅਨ ਪੰਜਾਬ ਵੱਲੋਂ ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਦੇ ਰਾਹੀਂ ਇਲੈਕਸ਼ਨ ਕਮਿਸ਼ਨ ਪੰਜਾਬ ਨੂੰ ਇੱਕ ਮੰਗ ਪੱਤਰ ਭੇਜਿਆ ਗਿਆ ਸੀ, ਜਿਸ 'ਚ ਮੰਗੀਆਂ ਗਈਆਂ ਤਿੰਨ ਮੰਗਾਂ ਨੂੰ ਇਲੈਕਸ਼ਨ ਕਮਿਸ਼ਨ ਪੰਜਾਬ ਨੇ ਪ੍ਰਵਾਨ ਕਰ ਲਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਮਰਜੀਤ ਕੌਰ ਧਨੌਲਾ ਨੇ ਦੱਸਿਆ ਕਿ ਆਸ਼ਾ ਵਰਕਰਜ ਦੀ ਡਿਊਟੀ ਚੋਣਾਂ ਵਿੱਚ ਲਗਾਈ ਗਈ ਸੀ ਚੋਣਾਂ ਵਾਲੇ ਦਿਨ ਡਿਊਟੀ ਕਰਨ ਬਦਲੇ ਆਸਾ ਵਰਕਰਾਂ ਨੂੰ 200 ਰੁਪਏ ਮਾਣ ਭੱਤਾ ਦੇਣ ਸਬੰਧੀ ਵੀ ਪੱਤਰ ਜਾਰੀ ਕੀਤਾ ਗਿਆ ਸੀ ਜਿਸਨੂੰ ਆਸਾ ਵਰਕਰ ਅਤੇ ਫੈਸਲੀਟੇਟਰ ਯੂਨੀਅਨ ਪੰਜਾਬ ਵੱਲੋਂ ਪ੍ਰਵਾਨ ਨਾ ਕਰਦਿਆਂ ਉਸ ਉਤੇ ਇਤਰਾਜ ਦਰਜ ਕਰਵਾਇਆ ਗਿਆ | ਉਕਤ ਮਾਮਲੇ ਸਬੰਧੀ ਇਕ ਮੰਗ ਪੱਤਰ ਇਲੈਕਸ਼ਨ ਕਮਿਸ਼ਨ ਪੰਜਾਬ ਨੂੰ ਭੇਜਿਆ ਗਿਆ ਜਿਸ 'ਚ ਮੰਗ ਕੀਤੀ ਗਈ ਕਿ ਆਸ਼ਾ ਵਰਕਰਾਂ ਦੀ ਡਿਊਟੀ ਕੇਵਲ ਉਨ੍ਹਾਂ ਨਾਲ ਸਬੰਧਤ ਕੰਮਾਂ 'ਤੇ ਲਗਾਈ ਜਾਵੇ, ਆਸ਼ਾ ਵਰਕਰਾਂ ਦਾ ਮਾਣ ਭੱਤਾ ਘੱਟੋ ਘੱਟ 500 ਰੁਪਏ ਕੀਤਾ ਜਾਵੇ ਅਤੇ ਡਿਊਟੀ ਦਾ ਸਮਾਂ 8 ਤੋਂ 5 ਵਜੇ ਤੱਕ ਕੀਤਾ ਜਾਵੇ | ਇਲੈਕਸ਼ਨ ਕਮਿਸ਼ਨ ਪੰਜਾਬ ਵੱਲੋਂ ਉਨ੍ਹਾਂ ਦੀਆਂ ਤਿੰਨੋਂ ਮੰਗਾਂ ਨੂੰ ਪ੍ਰਵਾਨ ਕਰ ਲਿਆ ਗਿਆ ਹੈ | ਉਨ੍ਹਾਂ ਕਿਹਾ ਕਿ ਉਹ ਇਲੈਕਸ਼ਨ ਕਮਿਸ਼ਨ ਪੰਜਾਬ ਨੂੰ ਵਿਸ਼ਵਾਸ਼ ਦਿਵਾਉਂਦੇ ਹਨ, ਕਿ ਉਹ ਆਪਣੀ
ਡਿਊਟੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਕਰਨਗੇ | ਇਸ ਮੌਕੇ ਅਮਨਦੀਪ ਕੌਰ, ਮੰਜੂ, ਸੁਖਦੀਪ, ਦੀਪਪਾਲ, ਰਮਨਦੀਪ, ਚਰਨਜੀਤ, ਸੁਖਦੀਪ, ਨਰਿੰਦਰ, ਮਨਪ੍ਰੀਤ ਆਦਿ ਹਾਜਰ ਸਨ |