ਫਿਰੋਜ਼ਪੁਰ : ਨਜ਼ਦੀਕੀ ਪਿੰਡ ਰੁਕਨਾ ਬੇਗੂ ’ਚ ਇਕ ਰਾਤ ਪਹਿਲਾਂ ਵਿਆਹ ਕੇ ਆਈ ਲਾੜੀ ਸਹੁਰੇ ਪਰਿਵਾਰ ਨੂੰ ਖਾਣੇ ’ਚ ਨੀਂਦ ਦੀਆਂ ਗੋਲ਼ੀਆਂ ਖੁਆਹ ਕੇ ਨਕਦੀ ਤੇ ਸੋਨੇ ਦੇ ਗਹਿਣੈ ਲੇ ਕੇ ਫ਼ਰਾਰ ਹੋ ਗਈ। ਇਸ ਸਬੰਧੀ ਥਾਣਾ ਕੁੱਲਗੜ੍ਹੀ ਪੁਲਿਸ ਨੇ ਗਿਰੋਹ ਦੇ 2 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ 8 ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ’ਚ ਸੁਖਦੇਵ ਸਿੰਘ ਪੁੱਤਰ ਦੀਦਾਰ ਸਿੰਘ, ਵਾਸੀ ਪਿੰਡ ਰੁਕਨਾ ਬੇਗੂ ਨੇ ਦੱਸਿਆ ਕਿ ਉਹ ਸਾਊਦੀ ਅਰਬ ਤੇ ਦੋਹਾ ਕਤਰ ’ਚ 13 ਸਾਲ ਤੋਂ ਬੱਸ ਡਰਾਈਵਰ ਦਾ ਕੰਮ ਕਰਦਾ ਰਿਹਾ ਹੈ। ਉਸ ਦਾ ਵਿਆਹ ਸਾਲ 2013 ’ਚ ਅਮਨਦੀਪ ਕੌਰ ਨਾਲ ਹੋਇਆ ਸੀ। ਪਰ ਬਾਅਦ ’ਚ ਉਸ ਨਾਲ ਤਲਾਕ ਹੋ ਗਿਆ। ਸੁਖਦੇਵ ਸਿੰਘ ਨੇ ਦੱਸਿਆ ਕਿ ਇਸੇ ਦੌਰਾਨ ਉਹ ਬਹਿਬਲ ਕਲਾਂ ਵਾਸੀ ਦੇਵ ਨਾਲ ਉਸ ਦੀ ਮੁਲਾਕਾਤ ਹੋਈ। ਉਸ ਨੇ ਮਨਪ੍ਰੀਤ ਕੌਰ ਉਰਫ ਨੀਰੂ ਪੁੱਤਰੀ ਗੁਰਜੀਤ ਸਿੰਘ ਵਾਸੀ ਬਾਬਾ ਜੀਵਨ ਸਿੰਘ ਡੱਗਰੂ, ਮੋਗਾ ਨਾਲ ਉਸਦਾ ਦੁਬਾਰਾ ਵਿਆਹ ਕਰਵਾਉਣ ਦੀ ਗੱਲ ਗਈ। ਬਦਲੇ ’ਚ ਕੁਝ ਰਕਮ ਦੇਣੀ ਪਵੇਗੀ। ਉਹ ਰਾਜ਼ੀ ਹੋ ਗਿਆ। ਦੇਵ ਨੇ 13 ਨਵੰਬਰ ਨੂੰ ਇਸ ਦਾ ਮਨਪ੍ਰੀਤ ਨਾਲ ਵਿਆਹ ਕਰਵਾ ਦਿੱਤਾ। ਸੁਖਦੇਵ ਮੁਤਾਬਕ ਕੁੜੀ ਵਾਲਿਆਂ ਨੇ ਲੜਕੀ ਤੋਰਨ ਤੋਂ ਪਹਿਲਾ 1 ਲੱਖ ਰੁਪਏ ਦੀ ਮੰਗ ਕੀਤੀ। ਉਹ 85 ਹਜ਼ਾਰ ਰੁਪਏ ਦੇ ਕੇ ਲਾੜੀ ਨੂੰ ਘਰ ਲੈ ਆਇਆ। ਮਨਪ੍ਰੀਤ ਇਕ ਰਾਤ ਉਸ ਨਾਲ ਰਹੀ। ਅਗਲੇ ਦਿਨ ਉਸ ਨੂੰ ਤੇ ਉਸ ਦੀ ਮਾਂ ਨੂੰ ਖਾਣੇ ’ਚ ਨੀਂਦ ਦੀਆਂ ਗੋਲ਼ੀਆਂ ਦੇ ਕੇ ਘਰ ’ਚ ਪਏ ਸੋਨੇ ਦੇ ਗਹਿਣੇ ਤੇ ਪੰਜ ਲੱਖ ਰੁਪਏ ਦੀ ਨਕਲਦੀ ਲੈ ਕੇ ਫ਼ਰਾਰ ਹੋ ਗਈ। ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਜਾਂਚ ’ਚ ਪਤਾ ਲੱਗਿਆ ਹੈ ਕਿ ਦੇਵ ਵਿਆਹ ਦੇ ਨਾਂ ’ਤੇ ਲੁੱਟਣ ਵਾਲਾ ਗਿਰੋਹ ਚਲਾ ਰਿਹਾ ਹੈ। ਮਨਪ੍ਰੀਤ ਨੂੰ ਲਾੜੀ ਬਣਾ ਕੇ ਲੋਕਾਂ ਨੂੰ ਲੁੱਟਦਾ ਹੈ। ਰਿਸ਼ਤੇਦਾਰ ਵੀ ਫ਼ਰਜ਼ੀ ਹੁੰਦੇ ਹਨ। ਸੁਖਦੇਵ ਦੀ ਵਿਆਹ ’ਚ ਲੜੀ ਦੇ ਜੀਜੇ, ਫੁੱਫੜ, ਭੁਆ, ਮਾਤਾ-ਪਿਤਾ ਬਣੇ ਲੋਕ ਫ਼ਰਜ਼ੀ ਸਨ। ਪੁਲਿਸ ਨੇ ਇਸ ਮਾਮਲੇ ’ਚ ਸੁਖਦੇਵ ਮੁਤਾਬਕ ਮਨਪ੍ਰੀਤ ਕੌਰ, ਵਿਚੋਲੇ ਦੇਵ, ਗੋਪੀ ਵਾਸੀ ਬਾਬਾ ਜੀਵਨ ਸਿੰਘ ਡੱਗਰੂ ਜ਼ਿਲ੍ਹਾ ਮੋਗਾ, ਗੁਰਪ੍ਰੀਤ ਸਿੰਘ, ਪਰਮਜੀਤ ਕੌਰ , ਰਸ਼ਨਦੀਪ ਕੌਰ ਉਰਫ਼ ਰਸ਼ਨ, ਸਿਕੰਦਰ ਸਿੰਘ ਤੇ ਬੇਪਛਾਣ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਨੇ ਗੁਰਪ੍ਰੀਤ ਤੇ ਸਿਕੰਦਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬਾਕੀ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।