ਲੁਧਿਆਣਾ : ਪੁੱਤਰ ਦੀ ਕੁੱਟਮਾਰ ਹੁੰਦੀ ਦੇਖ ਪਿਤਾ ਜਦ ਉਸ ਨੂੰ ਬਚਾਉਣ ਗਿਆ ਤਾਂ ਇੱਕ ਹਮਲਾਵਰ ਨੇ ਗੋਲੀਆਂ ਚਲਾ ਦਿੱਤੀਆਂ । ਮੁਲਜਮ ਨੇ ਇੱਕ ਤੋਂ ਬਾਅਦ ਇੱਕ ਤਿੰਨ ਫਾਇਰ ਕੀਤੇ । ਇੱਕ ਗੋਲ਼ੀ ਨੌਜਵਾਨ ਦੀ ਉਂਗਲ ਨੂੰ ਖਹਿ ਕੇ ਲੰਘ ਗਈ । ਪਿਓ ਪੁੱਤ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਤੋਂ ਬਾਅਦ ਮੁਲਜਮ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ।ਡੇਹਲੋਂ ਦੇ ਰਹਿਣ ਵਾਲੇ ਅਵਤਾਰ ਸਿੰਘ ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ । ਇਸ ਮਾਮਲੇ ਵਿੱਚ ਥਾਣਾ ਡੇਹਲੋ ਦੀ ਪੁਲਿਸ ਨੇ ਫੱਟੜ ਹੋਏ ਨੌਜਵਾਨ ਅਵਤਾਰ ਸਿੰਘ ਦੇ ਪਿਤਾ ਜਗਦੇਵ ਸਿੰਘ ਉਰਫ਼ ਯੁੱਗ ਦੀ ਸ਼ਿਕਾਇਤ ਤੇ ਆਸੀ ਕਲਾ ਦੇ ਵਾਸੀ ਰਜਿੰਦਰ ਸਿੰਘ ਅਤੇ ਪਿੰਡ ਡੇਹਲੋਂ ਦੇ ਰਹਿਣ ਵਾਲੇ ਜਸਪਾਲ ਸਿੰਘ ਦੇ ਖ਼ਿਲਾਫ਼ ਮੁਕਦਮਾ ਦਰਜ ਕਰ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦਿਆਂ ਜਗਦੇਵ ਸਿੰਘ ਨੇ ਦੱਸਿਆ ਕਿ ਉਸ ਦਾ ਬੇਟਾ ਲੋਕਾਂ ਦੇ ਘਰਾਂ ਵਿੱਚ ਰੰਗ ਰੋਗਨ ਕਰਨ ਦਾ ਕੰਮ ਕਰਦਾ। ਕੁਝ ਦਿਨ ਪਹਿਲੋਂ ਉਸਨੇ ਕਿਲਾ ਰਾਏਪੁਰ ਰੋਡ ਤੇ ਪੈਂਦੀਆਂ ਕੁਝ ਦੁਕਾਨਾਂ ਨੂੰ ਰੰਗ ਕੀਤਾ ਸੀ। ਦੁਕਾਨਾਂ ਦਾ ਮਾਲਕ ਰਜਿੰਦਰ ਸਿੰਘ ਉਸ ਨੂੰ ਦੁਕਾਨਾਂ ਦੇ ਅੰਦਰ ਵਾਲੇ ਪਾਸੇ ਵੀ ਪੇਂਟ ਕਰਨ ਲਈ ਕਹਿ ਰਿਹਾ ਸੀ । ਜਗਦੇਵ ਸਿੰਘ ਦੇ ਮੁਤਾਬਕ ਅਵਤਾਰ ਕੋਲ ਕੁਝ ਹੋਰ ਕੰਮ ਸੀ ਇਸ ਲਈ ਉਸਨੇ ਰਜਿੰਦਰ ਕੋਲੋਂ ਕੰਮ ਕਰਨ ਲਈ ਕੁਝ ਦਿਨਾਂ ਦਾ ਸਮਾਂ ਮੰਗਿਆ। ਜਗਦੇਵ ਸਿੰਘ ਨੇ ਦੱਸਿਆ ਕਿ ਪਹਿਲੋਂ ਤਾਂ ਰਜਿੰਦਰ ਨੇ ਹਾਮੀ ਭਰ ਦਿੱਤੀ ਪਰ ਬਾਅਦ ਵਿੱਚ ਉਹ ਅਵਤਾਰ ਸਿੰਘ ਨਾਲ ਝਗੜਾ ਕਰਨ ਲੱਗ ਪਿਆ ।ਜਗਦੇਵ ਨੇ ਦੱਸਿਆ ਕਿ ਉਸ ਵੇਲੇ ਤਾਂ ਅਵਤਾਰ ਉਥੋਂ ਚਲਾ ਗਿਆ ਪਰ ਬੀਤੇ ਦਿਨ ਜਦ ਅਵਤਾਰ ਪਿੰਡ ਲੋਹਗੜ੍ਹ ਤੋਂ ਕੰਮ ਕਰ ਕੇ ਘਰ ਵੱਲ ਆ ਰਿਹਾ ਸੀ ਤਾਂ ਰਜਿੰਦਰ ਸਿੰਘ ਉਸਦੇ ਸਾਥੀ ਜਸਪਾਲ ਸਿੰਘ ਅਤੇ ਤਿੰਨ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਰਾਹ ਵਿੱਚ ਘੇਰ ਲਿਆ । ਆਟੋ ਚਾਲਕ ਜਗਦੇਵ ਸਿੰਘ ਨੇ ਦੱਸਿਆ ਕਿ ਉਹ ਸਵਾਰੀਆਂ ਨੂੰ ਛੱਡਣ ਤੋਂ ਬਾਅਦ ਜਿਵੇਂ ਹੀ ਘਰ ਵੱਲ ਆਇਆ ਤਾਂ ਉਸਨੇ ਦੇਖਿਆ ਕਿ ਮੁਲਜਮ ਅਵਤਾਰ ਸਿੰਘ ਨੂੰ ਜਮੀਨ ਤੇ ਸੁੱਟ ਕੇ ਬੁਰੀ ਤਰ੍ਹਾਂ ਕੁੱਟ ਰਹੇ ਸਨ । ਬੇਟੇ ਨੂੰ ਬਚਾਉਣ ਲਈ ਜਗਦੇਵ ਸਿੰਘ ਉਨ੍ਹਾਂ ਨਾਲ ਭਿੜ ਗਿਆ । ਸ਼ਿਕਾਇਤ ਕਰਤਾ ਨੇ ਦੱਸਿਆ ਕਿ ਇਸੇ ਦੌਰਾਨ ਰਜਿੰਦਰ ਸਿੰਘ ਨੇ ਆਪਣਾ ਪਿਸਤੌਲ ਕੱਢ ਕੇ ਤਿੰਨ ਗੋਲ਼ੀਆਂ ਚਲਾ ਦਿੱਤੀਆਂ । ਇੱਕ ਗੋਲ਼ੀ ਅਵਤਾਰ ਸਿੰਘ ਦੀ ਉਂਗਲ ਨੂੰ ਖਹਿ ਕੇ ਲੰਘ ਗਈ । ਇਸ ਹਮਲੇ ਦੇ ਦੌਰਾਨ ਅਵਤਾਰ ਸਿੰਘ ਬੁਰੀ ਤਰ੍ਹਾਂ ਲਹੂ ਲੁਹਾਨ ਹੋ ਗਿਆ। ਕੁੱਟਮਾਰ ਕਰਨ ਤੋਂ ਬਾਅਦ ਮੁਲਜਮ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਉਧਰੋਂ ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਸੁਲੱਖਣ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਜਗਦੇਵ ਸਿੰਘ ਦੀ ਸ਼ਿਕਾਇਤ ਤੇ ਰਜਿੰਦਰ ਸਿੰਘ, ਜਸਪਾਲ ਸਿੰਘ ਅਤੇ ਤਿੰਨ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਮੁਕਦਮਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।