ਲੁਧਿਆਣਾ : ਸਥਾਨਕ ਟਿੱਬਾ ਰੋਡ ਸ਼ਿਵ ਸ਼ੰਕਰ ਕਾਲੋਨੀ ਵਿੱਚ ਵਿਆਹੀ ਮੁਟਿਆਰ ਨੇ ਵਿਆਹ ਤੋਂ ਦੋ ਦਿਨ ਬਾਅਦ ਹੀ ਫਾਹਾ ਲਗਾ ਕੇ ਜ਼ਿੰਦਗੀ ਨੂੰ ਅਲਵਿਦਾ ਆਖ ਦਿੱਤਾ। ਇਹ ਸੱਜਰੀ ਵਿਆਹੀ ਲੜਕੀ ਨੇ ਪੇਕੇ ਘਰ ਫੇਰਾ ਪਾਉਣ ਮਗਰੋਂ ਸਹੁਰੇ ਘਰ ਆ ਕੇ ਇਹ ਆਤਮਘਾਤੀ ਕਦਮ ਚੁੱਕਿਆ। ਮ੍ਰਿਤਕ ਵਿਆਹੁਤਾ ਦੀ ਸ਼ਨਾਖਤ ਆਰਤੀ ਉਮਰ ਕਰੀਬ 18 ਸਾਲ ਦੇ ਰੂਪ ਵਿੱਚ ਹੋਈ ਹੈ। ਉਕਤ ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਟਿੱਬਾ ਪੁਲਿਸ ਨੇ ਮੌਕੇ ’ਤੇ ਪੁੱਜ ਕੇ ਲਾਸ਼ ਕਬਜ਼ੇ ਵਿੱਚ ਲਈ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਰਖਵਾ ਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਘਟਨਾ ਸੋਮਵਾਰ ਦੇਰ ਰਾਤ ਦੀ ਹੈ ਜਦ ਆਰਤੀ ਦੇ ਸਹੁਰੇ ਪਰਿਵਾਰ ਦੇ ਮੈਂਬਰਾਂ ਨੇ ਕਮਰੇ ਵਿੱਚ ਲੱਗੇ ਪੱਖੇ ਦੀ ਹੁੱਕ ਨਾਲ ਆਰਤੀ ਦੀ ਲਾਸ਼ ਲਟਕਦੀ ਵੇਖੀ। ਘਰ ਵਿੱਚ ਵਿਆਹ ਸਮਾਗਮ ਦਾ ਮਾਹੌਲ ਮਾਤਮ ਵਿੱਚ ਬਦਲ ਗਿਆ ਅਤੇ ਪਰਿਵਾਰ ਨੇ ਤੁਰੰਤ ਇਸ ਮਾਮਲੇ ਦੀ ਜਾਣਕਾਰੀ ਥਾਣਾ ਟਿੱਬਾ ਪੁਲਿਸ ਨੂੰ ਦਿੱਤੀ। ਜਾਣਕਾਰੀ ਮੁਤਾਬਕ ਆਰਤੀ ਦਾ ਵਿਆਹ ਤਿੰਨ ਦਿਨ ਪਹਿਲਾਂ ਟਿੱਬਾ ਰੋਡ ਸਥਿਤ ਸ਼ਿਵ ਸ਼ੰਕਰ ਕਾਲੋਨੀ ਦੇ ਰਹਿਣ ਵਾਲੇ ਤਾਰਿਸ਼ ਨਾਮ ਦੇ ਨੌਜਵਾਨ ਨਾਲ ਹੋਇਆ ਸੀ। ਭਾਂਡਿਆਂ ਦੀ ਦੁਕਾਨ ਚਲਾਉਣ ਵਾਲੇ ਤਾਰਿਸ਼ ਦੇ ਵਿਆਹ ਮਗਰੋਂ ਘਰ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਸੀ।
ਫੇਰਾ ਪਾ ਕੇ ਸੋਮਵਾਰ ਸਹੁਰੇ ਘਰ ਵਾਪਸ ਆਈ ਸੀ ਆਰਤੀ
ਤਰਿਸ਼ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਦੋਨੋਂ ਹੀ ਪਰਿਵਾਰ ਵਿਆਹ ਤੋਂ ਕਾਫੀ ਖੁਸ਼ ਸੀ। ਐਤਵਾਰ ਨੂੰ ਆਰਤੀ ਅਤੇ ਉਸ ਦਾ ਪਤੀ ਪਰਿਵਾਰਕ ਮੈਂਬਰਾਂ ਸਮੇਤ ਆਰਤੀ ਦੇ ਧਰਮਪੁਰਾ ਸਥਿਤ ਪੇਕੇ ਘਰ ਫੇਰਾ ਪਾਉਣ ਗਏ ਅਤੇ ਸੋਮਵਾਰ ਨੂੰ ਫੇਰਾ ਪਾਉਣ ਦੀ ਰਸਮ ਪੂਰੀ ਕਰਕੇ ਆਰਤੀ ਆਪਣੇ ਸਹੁਰੇ ਘਰ ਵਾਪਸ ਆ ਗਈ। ਵਾਪਸ ਆ ਕੇ ਆਰਤੀ ਨੇ ਪਰਿਵਾਰ ਨੂੰ ਕਿਹਾ ਕਿ ਉਹ ਕੱਪੜੇ ਬਦਲਣ ਜਾ ਰਹੀ ਹੈ ਅਤੇ ਇਹ ਕਹਿ ਕੇ ਉਹ ਕਮਰੇ ਵਿੱਚ ਚਲੀ ਗਈ। ਕਾਫੀ ਦੇਰ ਤੱਕ ਉਹ ਕਮਰੇ ਤੋਂ ਬਾਹਰ ਨਾ ਆਈ ਤਾਂ ਪਰਿਵਾਰ ਨੇ ਦਰਵਾਜ਼ੇ ’ਤੇ ਖੜ੍ਹ ਕੇ ਆਵਾਜ਼ ਲਗਾਉਣੀ ਸ਼ੁਰੂ ਕੀਤੀ। ਵਾਰ ਵਾਰ ਆਵਾਜ਼ ਲਗਾਉਣ ’ਤੇ ਵੀ ਆਰਤੀ ਨੇ ਅੰਦਰੋਂ ਕੋਈ ਜਵਾਬ ਨਾ ਦਿੱਤਾ ਤਾਂ ਪਰਿਵਾਰ ਨੇ ਰੋਸ਼ਨਦਾਨ ਤੋਂ ਅੰਦਰ ਦਾ ਮੰਜ਼ਰ ਵੇਖ ਕੇ ਪਰਿਵਾਰ ਤੇ ਹੋਸ਼ ਉੱਡ ਗਏ। ਉਨ੍ਹਾਂ ਵੇਖਿਆ ਕਿ ਆਰਤੀ ਨੇ ਪੱਖੇ ਦੇ ਹੁੱਕ ਨਾਲ ਫਾਹਾ ਲਗਾ ਲਿਆ ਸੀ ਅਤੇ ਉਸ ਦੀ ਲਾਸ਼ ਚੁੰਨੀ ਦੇ ਬਣੇ ਫਾਹੇ ਨਾਲ ਹੁੱਕ ਨਾਲ ਲਟਕ ਰਹੀ ਸੀ। ਆਰਤੀ ਨੂੰ ਪੱਖੇ ਦੇ ਹੁੱਕ ਨਾਲ ਲਟਕਦਾ ਵੇਖ ਪਰਿਵਾਰ ਘਬਰਾ ਗਿਆ ਅਤੇ ਅੰਦਰੋਂ ਬੰਦ ਕਮਰੇ ਦਾ ਦਰਵਾਜ਼ਾ ਤੋੜਨ ਲਈ ਇੱਟਾਂ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਕਿਸੇ ਤਰ੍ਹਾਂ ਦਰਵਾਜ਼ਾ ਤੋੜ ਕੇ ਅੰਦਰ ਗਏ ਤਾਂ ਪਤਾ ਲੱਗਾ ਕਿ ਆਰਤੀ ਦਮ ਤੋੜ ਚੁੱਕੀ ਸੀ। ਉਨਾਂ ਰੌਲਾ ਪਾ ਕੇ ਆਂਢੀਆਂ ਗੁਆਂਢੀਆਂ ਨੂੰ ਇਕੱਠਾ ਕੀਤਾ ਅਤੇ ਇਸ ਮਾਮਲੇ ਦੀ ਜਾਣਕਾਰੀ ਥਾਣਾ ਟਿੱਬਾ ਪੁਲਿਸ ਨੂੰ ਦਿੱਤੀ।
ਮ੍ਰਿਤਕਾ ਨੇ ਨਹੀਂ ਛੱਡਿਆ ਕੋਈ ਸੁਸਾਈਡ ਨੋਟ
ਇਸ ਮਾਮਲੇ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਟਿੱਬਾ ਪੁਲਿਸ ਨੇ ਮੌਕੇ ’ਤੇ ਪੁੱਜ ਕੇ ਆਰਤੀ ਦੀ ਲਾਸ਼ ਹੇਠਾਂ ਉਤਾਰੀ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਮੌਕੇ ’ਤੇ ਪੁੱਜੇ ਤਫਤੀਸ਼ੀ ਅਧਿਕਾਰੀ ਗੁਰਜੰਟ ਸਿੰਘ ਮੁਤਾਬਕ ਸ਼ੁਰੂਆਤੀ ਪੜਤਾਲ ਦੌਰਾਨ ਮ੍ਰਿਤਕਾ ਕੋਲੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਜਿਸ ਕਾਰਨ ਅਜੇ ਉਸ ਦੀ ਮੌਤ ਮਗਰਲੇ ਕਾਰਨਾਂ ਬਾਰੇ ਕੁਝ ਕਹਿਣਾ ਔਖਾ ਹੈ। ਆਰਤੀ ਦੇ ਪੇਕੇ ਪਰਿਵਾਰ ਨੂੰ ਉਕਤ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਪਰਿਵਾਰ ਦੇ ਬਿਆਨ ਅਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਇਸ ਮਾਮਲੇ ਸੰਬੰਧੀ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪੁਲਿਸ ਨੇ ਆਰਤੀ ਵੱਲੋਂ ਕੀਤੀ ਆਤਮ ਹੱਤਿਆ ਦੇ ਮਾਮਲੇ ਵਿੱਚ ਪੜਤਾਲ ਸ਼ੁਰੂ ਕਰ ਦਿੱਤੀ।
--