ਟਾਂਗਰਾ : ਪੰਜਾਬ ਦੇ ਨੌਜਵਾਨ ਆਪਣੇ ਚੰਗੇ ਭਵਿੱਖ ਦੀ ਆਸ ਲਗਾ ਕੇ ਰੋਟੀ ਰੋਜ਼ੀ ਦੀ ਖਾਤਰ ਵਿਦੇਸ਼ਾਂ ਵਿਚ ਵੱਸਣ ਦੇ ਸੁਪਨੇ ਵੇਖਦੇ ਹਨ, ਪਰ ਜਦੋਂ ਕੁਦਰਤ ਕਰੋਪ ਹੋ ਜਾਵੇ ਤਾਂ ਕਹਿਰ ਵਾਪਰ ਜਾਂਦਾ ਹੈ। ਇਥੋਂ ਨਜਦੀਕੀ ਪਿੰਡ ਮੁੱਛਲ ਦੇ ਵਾਸੀ ਕਸ਼ਮੀਰ ਸਿੰਘ ਨੇ ਬੜੇ ਦੁਖੀ ਮਨ ਨਾਲ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਰੇ ਦੋਵੇਂ ਲੜਕੇ ਜਰਮਨ ਵਿਚ ਰਹਿ ਰਹੇ ਹਨ। ਵੱਡਾ ਲੜਕਾ ਸੁਖਰਾਜ ਸਿੰਘ ਪਹਿਲਾਂ ਗਿਆ ਹੋਇਆ ਸੀ ਅਤੇ ਛੋਟਾ ਲੜਕਾ ਗੁਰਪ੍ਰੀਤ ਸਿੰਘ (ਉਮਰ 37 ਸਾਲ) ਲਗਭਗ 16 ਸਾਲ ਪਹਿਲਾਂ ਪੁਰਤਗਾਲ ਦੇ ਰਸਤੇ ਜਾ ਕੇ ਜਰਮਨ ਵਿਚ ਰਹਿ ਰਿਹਾ ਸੀ। 7 ਸਾਲ ਪਹਿਲਾਂ ਆਪਣੀ ਪਤਨੀ ਰਾਜਬੀਰ ਕੌਰ ਅਤੇ ਲੜਕੇ ਮਨਰੂਪ ਸਿੰਘ ਨੂੰ ਵੀ ਨਾਲ ਲੈ ਗਿਆ ਸੀ।ਕੁਦਰਤ ਨੂੰ ਕੁਝ ਹੋਰ ਮਨਜੂਰ ਸੀ ਕਿ ਪਿਛਲੇ ਸਾਲ 28 ਮਈ 2024 ਵਿਚ ਕੈਂਸਰ ਦੀ ਭਿਆਨਕ ਬੀਮਾਰੀ ਦੀ ਲਪੇਟ ਵਿਚ ਆਉਣ ਕਾਰਣ ਗੁਰਪ੍ਰੀਤ ਸਿੰਘ ਦੀ ਜਰਮਨ ਵਿਚ ਮੌਤ ਹੋ ਗਈ ਸੀ। 3 ਜਨਵਰੀ 2025 ਨੂੰ ਹਾਰਟ ਅਟੈਕ ਆਉਣ ਕਾਰਣ ਰਾਜਬੀਰ ਕੌਰ ਦੀ ਵੀ ਮੌਤ ਹੋ ਗਈ ਹੈ। ਉਨ੍ਹਾਂ ਦਾ ਲੜਕਾ ਉਮਰ 14 ਸਾਲ ਦੇ ਲਗਭਗ ਜਰਮਨ ਵਿਚ ਲਾਵਾਰਸ ਬਣ ਕੇ ਰਹਿ ਗਿਆ ਹੈ। ਰਾਜਬੀਰ ਕੌਰ ਦੀ ਲਾਸ਼ ਨੂੰ ਉਨ੍ਹਾਂ ਦੇ ਪਿੰਡ ਮੁੱਛਲ ਵਿਚ ਅੰਤਿਮ ਸਸਕਾਰ ਕਰਨ ਲਈ ਲਿਆਂਦਾ ਜਾ ਰਿਹਾ ਹੈ।ਇਸ ਉਪਰ ਵੀ 16 ਲੱਖ ਰੁਪਏ ਖਰਚ ਆਉਣ ਦਾ ਅਨੁਮਾਨ ਦੱਸਿਆ ਜਾ ਰਿਹਾ ਹੈ। ਜੇਕਰ ਜਰਮਨ ਵਿਚ ਸੰਸਕਾਰ ਕਰਨ ਲਈ ਸਾਰਾ ਪਰਿਵਾਰ ਜਾਂਦਾ ਹੈ ਤਾਂ ਇਸ ਉਪਰ ਬਹੁਤ ਖਰਚਾ ਆਵੇਗਾ। ਇਸ ਕਾਰਣ ਜਰਮਨ ਵਿਚ ਰਹਿ ਰਹੇ ਕਸ਼ਮੀਰ ਸਿੰਘ ਦੇ ਵੱਡੇ ਲੜਕੇ ਸੁਖਰਾਜ ਸਿੰਘ ਵੱਲੋਂ ਲਾਸ਼ ਨੂੰ ਪਿੰਡ ਭੇਜਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਪਿਛੇ ਪਰਿਵਾਰ ਉਪਰ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਉਨ੍ਹਾਂ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ।