ਗੁਰਦਾਸਪੁਰ : ਇਸ ਵਾਰ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਮੱਦੇਨਜ਼ਰ ਪੰਜਾਬ ਪੁਲਿਸ ਸੁਰੱਖਿਆ ਕਾਰਨਾਂ ਨੂੰ ਲੈ ਕੇ ਬੇਹੱਦ ਗੰਭੀਰ ਨਜ਼ਰ ਆ ਰਹੀ ਹੈ। ਕੇਂਦਰੀ ਖੁਫੀਆ ਏਜੰਸੀਆਂ ਵੱਲੋਂ ਪੰਜਾਬ ਅੰਦਰ 26 ਜਨਵਰੀ ਮੌਕੇ ਬੰਬ ਧਮਾਕੇ ਕਰਨ ਦਾ ਅਲਰਟ ਜਾਰੀ ਕੀਤਾ ਗਿਆ ਹੈ। ਬੇਸ਼ੱਕ ਇਸ ਤਰ੍ਹਾਂ ਦੇ ਅਲਰਟ ਪਹਿਲਾਂ ਵੀ 15 ਅਗਸਤ ਜਾਂ 26 ਜਨਵਰੀ ਦੇ ਮੌਕਿਆਂ ’ਤੇ ਆਉਂਦੇ ਰਹੇ ਹਨ ਪਰ ਇਸ ਵਾਰ ਪੰਜਾਬ ਪੁਲਿਸ ਇਸ ਅਲਰਟ ਨੂੰ ਲੈ ਕੇ ਬਿਲਕੁੱਲ ਵੀ ਢਿੱਲਮਠ ਦਿਖਾਉਣ ਦੇ ਹਾਲਾਤ ਵਿੱਚ ਨਹੀਂ ਹੈ। ਇਸ ਦਾ ਪ੍ਰਮੁੱਖ ਕਾਰਨ ਪੰਜਾਬ ਪੁਲਿਸ ਦੇ ਥਾਣਿਆਂ ਅਤੇ ਚੌਕੀਆਂ ਉੱਪਰ ਲਗਾਤਾਰ ਹੋ ਰਹੇ ਗ੍ਰਨੇਡ ਹਮਲਿਆਂ ਦਾ ਹੋਣਾ ਹੈ।ਦੱਸਣਯੋਗ ਹੈ ਕਿ ਪਿਛਲੇ ਸਾਲ ਦੇ ਅਖੀਰ ਵਿੱਚ 24 ਨਵੰਬਰ ਨੂੰ ਸ਼ੁਰੂ ਹੋਇਆ ਬੰਬ ਧਮਾਕਿਆਂ ਸਿਲਸਿਲਾ ਇਸ ਨਵੇਂ ਵਰ੍ਹੇ ਦੇ ਪਹਿਲੇ ਮਹੀਨੇ ਤੱਕ ਵੀ ਜਾਰੀ ਹੈ। ਹੁਣ ਤੱਕ ਵੱਖ-ਵੱਖ ਜ਼ਿਲ੍ਹਿਆਂ ਅੰਦਰ ਪੁਲਿਸ ਥਾਣਿਆਂ ਅਤੇ ਚੌਕੀਆਂ ਉੱਪਰ ਕੁੱਲ 9 ਬੰਬ ਧਮਾਕੇ ਹੋ ਚੁੱਕੇ ਹਨ। ਬੱਬਰ ਖਾਲਸਾ ਇੰਟਰਨੈਸ਼ਨਲ ਅਤੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਵੱਲੋਂ ਇਨ੍ਹਾਂ ਬੰਬ ਧਮਾਕਿਆਂ ਦੀ ਜ਼ਿੰਮੇਵਾਰੀ ਲਈ ਜਾਂਦੀ ਰਹੀ ਹੈ। ਪੁਲਿਸ ਥਾਣਿਆਂ ਉੱਪਰ ਇੱਕ ਤੋਂ ਬਾਅਦ ਇੱਕ ਧਮਾਕੇ ਹੋਣ ਨਾਲ ਜਿੱਥੇ ਪੁਲਿਸ ਪ੍ਰਸ਼ਾਸਨ ਦੀ ਕਿਰਕਿਰੀ ਹੋ ਰਹੀ ਹੈ, ਉੱਥੇ ਇਨ੍ਹਾਂ ਧਮਾਕਿਆਂ ਉੱਪਰ ਠੱਲ੍ਹ ਪਾਉਣ ਦੀ ਵੱਡੀ ਚੁਣੌਤੀ ਵੀ ਪੰਜਾਬ ਪੁਲਿਸ ਦੇ ਆਲਾ ਅਧਿਕਾਰੀਆਂ ਸਾਹਮਣੇ ਖੜ੍ਹੀ ਹੋ ਗਈ ਹੈ। ਅੱਤਵਾਦੀ ਜਥੇਬੰਦੀਆਂ ਵੱਲੋਂ ਜ਼ਿਆਦਾਤਰ ਧਮਾਕੇ ਸਰਹੱਦੀ ਜ਼ਿਲ੍ਹਿਆਂ ਅੰਦਰ ਹੀ ਕੀਤੇ ਗਏ ਹਨ। ਜ਼ਿਲ੍ਹਾ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਕੁੱਲ 9 ਧਮਾਕਿਆਂ ਵਿੱਚੋਂ 3 ਧਮਾਕੇ ਬਟਾਲਾ ਅਤੇ ਗੁਰਦਾਸਪੁਰ ਪੁਲਿਸ ਜ਼ਿਲ੍ਹਿਆਂ ਅਧੀਨ ਥਾਣਿਆਂ ਉੱਪਰ ਹੋਏ ਹਨ।
ਪਹਿਲੀ ਘਟਨਾ 12 ਦਸੰਬਰ ਨੂੰ ਬਟਾਲਾ ਦੇ ਥਾਣਾ ਘਣੀਏ-ਕੇ-ਬਾਂਗਰ ਵਿਖੇ ਵਾਪਰੀ। ਇੱਥੇ ਥਾਣਾ ਦੇ ਬਾਹਰ ਹੈਂਡ ਗ੍ਰਨੇਡ ਸੁੱਟਿਆ ਗਿਆ ਪਰ ਚੰਗੀ ਕਿਸਮਤ ਨੂੰ ਇਹ ਗ੍ਰਨੇਡ ਫਟਿਆ ਨਹੀਂ ਪਰ ਇਸ ਘਟਨਾ ਨੇ ਪੁਲਿਸ ਪ੍ਰਸ਼ਾਸਨ ਨੂੰ ਹਿਲਾ ਕੇ ਰੱਖ ਦਿੱਤਾ। ਦੂਜੀ ਘਟਨਾ 18 ਦਸੰਬਰ ਨੂੰ ਗੁਰਦਾਸਪੁਰ ਦੇ ਨੇੜਲੇ ਪਿੰਡ ਬਖਸ਼ੀਵਾਲ ਵਿਖੇ ਵਾਪਰੀ। ਇਥੇ ਰਾਤ 8 ਵਜੇ ਬੰਦ ਪਈ ਪੁਲਿਸ ਚੌਕੀ ਉੱਪਰ ਧਮਾਕਾ ਹੋਇਆ। ਇਹ ਚੌਕੀ 20 ਦਿਨ ਪਹਿਲਾਂ ਹੀ ਬੰਦ ਕੀਤੀ ਗਈ ਸੀ।
ਪੁਲਿਸ ਥਾਣਾ ਕਲਾਨੌਰ ਅਧੀਨ ਆਉਂਦੀ ਪੁਲਿਸ ਚੌਕੀ ਬਖਸ਼ੀਵਾਲ ਉੱਪਰ ਹੋਏ ਧਮਾਕੇ ਦੀ ਗੂੰਜ ਦੂਰ-ਦੂਰ ਸੁਣਾਈ ਦਿੱਤੀ। ਇਸ ਧਮਾਕੇ ਵਾਲੀ ਆਵਾਜ਼ ਸੁਣਨ ਤੋਂ ਬਾਅਦ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੀ ਨੀਂਦ ਉੱਡ ਗਈ ਹੈ। ਪੁਲਿਸ ਨੂੰ ਇਸ ਧਮਾਕੇ ਵਾਲੀ ਥਾਂ ’ਤੇ ਕੋਈ ਵੀ ਧਮਾਕੇ ਵਾਲੀ ਸਮੱਗਰੀ ਨਹੀਂ ਮਿਲੀ ਅਤੇ ਵੀਰਵਾਰ ਨੂੰ ਪੁਲਿਸ ਚੌਕੀ ਬਖਸ਼ੀਵਾਲ ਜੋ ਫੋਕਲ ਪੁਆਇੰਟ ਵਿੱਚ ਅੱਤਵਾਦ ਦੇ ਕਾਲੇ ਦੌਰ ਤੋਂ ਚੱਲਦੀ ਆ ਰਹੀ ਸੀ, ਵਿਚ ਧਮਾਕਾ ਕਰਨ ਦੀ ਜ਼ਿੰਮੇਵਾਰੀ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਭਾਈ ਜਸਵਿੰਦਰ ਸਿੰਘ ਮੰਨੂ ਬਾਗੀ ਵੱਲੋਂ ਸੋਸ਼ਲ ਮੀਡੀਆ ’ਤੇ ਲਈ ਗਈ। ਵੀਰਵਾਰ ਨੂੰ ਧਮਾਕੇ ਵਾਲੀ ਥਾਂ ’ਤੇ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੀ ਪੁਲਿਸ ਵੱਲੋਂ ਇਸ ਧਮਾਕੇ ਵਾਲੀ ਥਾਂ ’ਤੇ ਵੱਖ-ਵੱਖ ਟੀਮਾਂ ਸਮੇਤ ਪਹੁੰਚ ਕੇ ਜਾਂਚ ਕੀਤੀ ਗਈ। ਧਮਾਕੇ ਦੀ ਜਾਂਚ ਸਬੰਧੀ ਡੌਗ ਸਕੁਐਡ ਟੀਮਾਂ ਤੋਂ ਇਲਾਵਾ ਧਮਾਕੇ ਦੀ ਜਾਂਚ ਸਬੰਧੀ ਫੋਰੈਂਸਿਕ ਜਾਂਚ 'ਚ ਟੀਮਾਂ ਲਗਾਈਆਂ ਗਈਆਂ। ਇਸ ਦੇ 2 ਦਿਨ ਬਾਅਦ ਹੀ 20 ਦਸੰਬਰ ਨੂੰ ਤੀਸਰੀ ਅਜਿਹੀ ਘਟਨਾ ਵਾਪਰੀ। ਇਹ ਘਟਨਾ ਗੁਰਦਾਸਪੁਰ ਦੇ ਕਸਬਾ ਵਡਾਲਾ ਬਾਂਗਰ ਵਿੱਚ ਬੰਦ ਪਈ ਪੁਲਿਸ ਚੌਕੀ ਉੱਪਰ ਦੇਰ ਰਾਤ ਹੋਇਆ।
ਵਡਾਲਾ ਬਾਂਗਰ ਪੁਲਿਸ ਚੌਕੀ ਉੱਪਰ ਹੋਏ ਇਸ ਧਮਾਕੇ ਦੀ ਆਵਾਜ਼ ਵੀ ਦੂਰ-ਦੂਰ ਤੱਕ ਸੁਣਾਈ ਦਿੱਤੀ। ਧਮਾਕੇ ਦੀ ਖਬਰ ਸੁਣਦਿਆਂ ਹੀ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੀ ਪੁਲਿਸ ਮੌਕੇ ’ਤੇ ਪਹੁੰਚ ਕੇ ਜਾਂਚ ਵਿੱਚ ਜੁੱਟ ਗਈ।
ਬਖਸ਼ੀਵਾਲ ਚੌਕੀ ’ਤੇ ਹਮਲੇ ਦੇ ਗੁਨਾਹਗਾਰ ਤਿੰਨ ਅੱਤਵਾਦੀ ਪੀਲੀਭੀਤ ’ਚ ਹੋਏ ਢੇਰ
ਪੰਜਾਬ ਅੰਦਰ ਪੁਲਿਸ ਥਾਣਿਆਂ ਉੱਪਰ ਹੋਏ ਅਨੇਕਾਂ ਹਮਲਿਆਂ ਨੂੰ ਲੈ ਕੇ ਬੇਸ਼ੱਕ ਪੁਲਿਸ ਪ੍ਰਸ਼ਾਸਨ ਨੂੰ ਤੁਰੰਤ ਕੋਈ ਵੱਡੀ ਸਫਲਤਾ ਹੱਥ ਨਹੀਂ ਲੱਗੀ ਪਰ ਗੁਰਦਾਸਪੁਰ ਦੀ ਬਖਸ਼ੀਵਾਲ ਪੁਲਿਸ ਚੌਕੀ ਉੱਪਰ ਹਮਲੇ ਦੇ ਇੱਕ ਹਫਤੇ ਦੇ ਅੰਦਰ ਹੀ ਪੰਜਾਬ ਪੁਲਿਸ ਨੇ ਵੱਡੀ ਸਫਲਤਾ ਹੱਥ ਲੱਗਣ ਦਾ ਦਾਅਵਾ ਕੀਤਾ। ਅਧਿਕਾਰੀਆਂ ਅਨੁਸਾਰ ਬਖਸ਼ੀਵਾਲ ਚੌਕੀ ਉੱਪਰ ਧਮਾਕਾ ਕਰਨ ਵਾਲੇ 3 ਕਥਿਤ ਅੱਤਵਾਦੀਆਂ ਨੂੰ ਪੀਲੀਭੀਤ ਵਿਖੇ ਉੱਤਰ ਪ੍ਰਦੇਸ਼ ਪੁਲਿਸ ਅਤੇ ਪੰਜਾਬ ਪੁਲਿਸ ਦੇ ਸਾਂਝੇ ਅਪਰੇਸ਼ਨ ਦੌਰਾਨ ਇੱਕ ਪੁਲਿਸ ਮੁਕਾਬਲੇ ਦੌਰਾਨ ਮਾਰ ਮੁਕਾਇਆ ਗਿਆ। ਹਾਲਾਂਕਿ ਇਨ੍ਹਾਂ ਨੌਜਵਾਨਾਂ ਦੇ ਵਾਰਸ ਇਨ੍ਹਾਂ ਦੇ ਬੇਗੁਨਾਹ ਹੋਣ ਦਾ ਦਾਅਵਾ ਕਰਦੇ ਰਹੇ।
27 ਜਨਵਰੀ ਤੱਕ ਪੁਲਿਸ ਮੁਲਾਜ਼ਮ ਨਹੀਂ ਲੈ ਸਕਣਗੇ ਛੁੱਟੀਆਂ
ਲਗਾਤਾਰ ਪੁਲਿਸ ਥਾਣਿਆਂ ਉੱਪਰ ਹੋ ਰਹੇ ਹਮਲਿਆਂ ਕਾਰਨ ਪੰਜਾਬ ਪੁਲਿਸ ਇਸ ਵਾਰ ਕੋਈ ਵੀ ਢਿੱਲਮੱਠ ਨਹੀਂ ਦਿਖਾਉਣਾ ਚਾਹੁੰਦੀ। ਉਸ ਵੱਲੋਂ ਕੇਂਦਰੀ ਖੁਫੀਆ ਏਜੰਸੀਆਂ ਰਾਹੀਂ 26 ਜਨਵਰੀ ਦੇ ਮੱਦੇਨਜ਼ਰ ਮਿਲੇ ਬੰਬ ਧਮਾਕਿਆਂ ਦੇ ਅਲਰਟ ਨੂੰ ਪੂਰੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਇਹੋ ਕਾਰਨ ਹੈ ਕਿ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਵੱਲੋਂ 27 ਜਨਵਰੀ ਤੱਕ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਸਾਰੇ ਪੁਲਿਸ ਜ਼ਿਲ੍ਹਿਆਂ ਦੇ ਐੱਸਐੱਸਪੀਜ਼ ਨੂੰ ਪੱਤਰ ਜਾਰੀ ਕਰਕੇ ਪੂਰੀ ਤਰ੍ਹਾਂ ਮੁਸਤੈਦ ਰਹਿਣ ਦੇ ਆਦੇਸ਼ ਦਿੱਤੇ ਗਏ ਹਨ।
ਕਦੋਂ-ਕਦੋਂ ਹੋਏ ਬੰਬ ਧਮਾਕੇ
24 ਨਵੰਬਰ ਅਜਨਾਲਾ ਪੁਲਿਸ ਥਾਣੇ ਨੂੰ ਆਈਈਡੀ ਰਾਹੀਂ ਉਡਾਉਣ ਦਾ ਯਤਨ।
26 ਨਵੰਬਰ ਅੰਮ੍ਰਿਤਸਰ ਵਿੱਚ ਹੀ 6 ਮਹੀਨੇ ਤੋਂ ਬੰਦ ਪਈ ਪੁਲਿਸ ਚੌਕੀ ਦੇ ਬਾਹਰ ਹੈਂਡ ਗ੍ਰਨੇਡ ਨਾਲ ਹਮਲਾ।
2 ਦਸੰਬਰ ਨਵਾਂ ਸ਼ਹਿਰ ਅਧੀਨ ਕਾਠਗੜ੍ਹ ਪੁਲਿਸ ਚੌਕੀ ’ਤੇ ਸੁੱਟਿਆ ਹੈਂਡ ਗ੍ਰਨੇਡ ਜੋ ਫਟਿਆ ਨਹੀਂ।
4 ਦਸਬੰਰ ਪੁਲਿਸ ਥਾਣਾ ਮਜੀਠਾ ਵਿਖੇ ਰਾਤ ਨੂੰ ਜ਼ੋਰਦਾਰ ਬੰਬ ਧਮਾਕਾ ਜਿਸ ਵਿੱਚ 2 ਪੁਲਿਸ ਮੁਲਾਜ਼ਮ ਜ਼ਖਮੀ ਹੋਏ।
12 ਦਸੰਬਰ ਬਟਾਲਾ ਦੇ ਥਾਣਾ ਘਣੀਏ-ਕੇ-ਬਾਂਗਰ ਦੇ ਬਾਹਰ ਹੈਂਡ ਗ੍ਰਨੇਡ ਸੁੱਟਿਆ ਜੋ ਫਟਿਆ ਨਹੀਂ।
17 ਦਸੰਬਰ ਅੰਮ੍ਰਿਤਸਰ ਦੇ ਰਿਹਾਇਸ਼ੀ ਇਲਾਕੇ ਇਸਲਾਮਾਬਾਦ ਵਿਖੇ ਪੁਲਿਸ ਥਾਣੇ ਅੰਦਰ ਸਵੇਰੇ ਕਰੀਬ 3 ਵਜੇ ਬੰਬ ਧਮਾਕਾ।
18 ਦਸੰਬਰ ਗੁਰਦਾਸਪੁਰ ਦੇ ਪਿੰਡ ਬਖਸ਼ੀਵਾਲ ਵਿਖੇ ਬੰਦ ਪਈ ਪੁਲਿਸ ਚੌਕੀ ’ਤੇ ਧਮਾਕਾ।
20 ਦਸੰਬਰ ਗੁਰਦਾਸਪੁਰ ਦੇ ਕਸਬਾ ਵਡਾਲਾ ਬਾਂਗਰ ਵਿਖੇ ਬੰਦ ਪਈ ਪੁਲਿਸ ਚੌਕੀ ’ਤੇ ਧਮਾਕਾ।
9 ਜਨਵਰੀ ਅੰਮ੍ਰਿਤਸਰ ਦੀ ਗੁਮਟਾਲਾ ਪੁਲਿਸ ਚੌਕੀ ’ਤੇ ਗ੍ਰਨੇਡ ਹਮਲਾ।