ਬਰਨਾਲਾ, 20 ਜਨਵਰੀ (ਬਘੇਲ ਸਿੰਘ ਧਾਲੀਵਾਲ)-7 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਵਿਆਹ ਕਰਨ ਦਾ ਪ੍ਰੋਗਰਾਮ 23 ਫਰਵਰੀ 2025 ਨੂੰ ਕਰਵਾਇਆ ਜਾ ਰਿਹਾ ਹੈ। ਸ੍ਰੀ ਗੁਰੂ ਰਵਿਦਾਸ ਵੈੱਲਫੇਅਰ ਟਰੱਸਟ ਰਜਿ. ਜ਼ਿਲ੍ਹਾ ਬਰਨਾਲਾ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੂਸਰਾ ਸਮੂਹਿਕ ਵਿਆਹ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਜਿਸ ਵਿੱਚ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਨੂੰ ਘਰੇਲੂ ਵਰਤੋਂ ਦਾ ਸਮਾਨ ਵੀ ਦਿੱਤਾ ਜਾਵੇਗਾ। ਟਰੱਸਟ ਦੇ ਚੇਅਰਮੈਨ ਸੰਤ ਬਾਬਾ ਰਾਜਬਰਿੰਦਰ ਸਿੰਘ ਟਿੱਬਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਟਰੱਸਟ ਸਮਾਜ ਭਲਾਈ ਕਾਰਜਾਂ ਦੀ ਲੜੀ ਤਹਿਤ 23 ਫਰਵਰੀ 2025 ਦਿਨ ਐਤਵਾਰ ਨੂੰ ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਜੀ ਵਿਖੇ 7 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕੀਤੇ ਜਾ ਰਹੇ ਹਨ। ਜਿਸ ਵਿੱਚ ਟਰੱਸਟ ਦੇ ਅਹੁਦੇਦਾਰ,ਪਿੰਡਾਂ ਅਤੇ ਸ਼ਹਿਰ ਦੇ ਸਮਾਜਸੇਵੀ ਦੇ ਸਹਿਯੋਗ ਨਾਲ ਸਮੂਹਿਕ ਵਿਆਹ ਦੀਆਂ ਗਤੀਵਿਧੀਆਂ ਚੱਲ ਰਹੀਆਂ ਹਨ,ਇਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਐਸ ਜੀ ਪੀ ਸੀ ਮੈਂਬਰ ਪਰਮਜੀਤ ਸਿੰਘ ਖਾਲਸਾ ਤੇ ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲ,ਗੁਰਜੰਟ ਸਿੰਘ ਸੋਨਾ ਵਿਸ਼ੇਸ਼ ਸਹਿਯੋਗ ਦੇ ਰਹੇ ਹਨ। ਸੋ ਟਰੱਸਟ ਨਾਲ ਸੰਪਰਕ ਕਰਕੇ ਲੋੜਵੰਦ ਪਰਿਵਾਰ ਅਤੇ ਸੇਵਾ ਕਰਨ ਦੇ ਚਾਹਵਾਨ ਸੇਵਾਦਾਰ ਟਰੱਸਟ ਨਾਲ ਸੰਪਰਕ ਕਰ ਸਕਦੇ ਹਨ। ਇਸ ਮੀਟਿੰਗ ਮੌਕੇ ਪ੍ਰਧਾਨ ਜਗਤਾਰ ਸਿੰਘ, ਬੂਟਾ ਸਿੰਘ ਧਾਲੀਵਾਲ, ਹਰਜਿੰਦਰ ਸਿੰਘ ਘੁੰਮਾਣ, ਬਾਬੂ ਸਿੰਘ ਕੁੰਬੜਵਾਲ, ਸੁਰਜੀਤ ਸਿੰਘ ਬਿਜਲੀ ਵਾਲੇ, ਅਵਤਾਰ ਸਿੰਘ ਢਿੱਲੋਂ, ਜਸਵਿੰਦਰ ਸਿੰਘ ਰਾਜਾ, ਮੇਜਰ ਸਿੰਘ ਫੌਜੀ ਆਦਿ ਜ਼ਿੰਮੇਵਾਰ ਅਹੁਦੇਦਾਰ ਸ਼ਾਮਲ ਸਨ।