ਧਨੌਲਾ,20 ਜਨਵਰੀ (ਚਮਕੌਰ ਸਿੰਘ ਗੱਗੀ)-ਧਾਰਮਿਕ ਥਾਵਾਂ ’ਤੇ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ, ਰੋਜ਼ਾਨਾ ਕਿਸੇ ਨਾ ਕਿਸੇ ਗੁਰੂ ਘਰ, ਮੰਦਿਰ ਮਸਜਿਦ ਵਿੱਚ ਬੇਅਦਬੀ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ, ਪਰ ਬੇਅਦਬੀ ਕਰਨ ਵਾਲਿਆਂ ਖਿਲਾਫ ਕੋਈ ਸਖ਼ਤ ਕਾਰਵਾਈ ਨਹੀਂ ਹੁੰਦੀ ਜਿਸ ਕਾਰਨ ਸੰਗਤਾਂ ਨੂੰ ਕਾਨੂੰਨ ਆਪਣੇ ਹੱਥ ਵਿੱਚ ਲੈਣਾ ਪੈਂਦਾ। ਇਸ ਤਰ੍ਹਾਂ ਦੀ ਮੰਦਭਾਗੀ ਘਟਨਾ ਥਾਣਾ ਧਨੌਲਾ ਦੇ ਅਧੀਨ ਪੈਂਦੇ ਪਿੰਡ ਬਡਬਰ ਦੇ ਗੁਰੂ ਘਰ ਵਿਖੇ ਵਾਪਰੀ ਹੈ ਜਿੱਥੇ ਇਕ ਨੌਜਵਾਨ ਵੱਲੋਂ ਗੁਰੂਘਰ ਵਿੱਚ ਦਾਖਲ ਹੋ ਕੇ ਦਰਬਾਰ ਸਾਹਿਬ ਵਿੱਚ ਗੁਰੂ ਸਾਹਿਬ ਦੇ ਸ਼ਸਤਰਾਂ ਸਮੇਤ ਅਲਮਾਰੀ ਵਿੱਚ ਪਏ ਗੁਰੂ ਸਾਹਿਬ ਦੇ ਬਸਤਰਾਂ ਨੂੰ ਇਧਰ ਓਧਰ ਸੁੱਟਣਾ ਸ਼ੁਰੂ ਕਰ ਦਿੱਤਾ। ਜਿਸ ਬਾਰੇ ਮੌਕੇ ਤੇ ਗ੍ਰੰਥੀ ਸਿੰਘ ਨੂੰ ਪਤਾ ਲੱਗਾ ਤਾਂ ਉਸ ਨੇ ਜਾ ਕੇ ਰੋਕਿਆ, ਤੇ ਹੋਰਾਂ ਦੀ ਮੱਦਦ ਨਾਲ ਗ੍ਰਿਫ਼ਤਾਰ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ, ਬੇਅਦਬੀ ਕਰਨ ਵਾਲੇ ਦੀ ਪਹਿਚਾਣ ਜਗਦੇਵ ਸਿੰਘ ਉਰਫ ਜੱਗੀ ਪੁੱਤਰ ਨਾਜਰ ਸਿੰਘ ਵਾਸੀ ਚੰਬਲ ਪੱਤੀ ਬਡਬਰ ਵਜੋਂ ਹੋਈ ਹੈ, ਜਿੱਥੇ ਪੁਲਿਸ ਵਲੋਂ ਉਕਤ ਵਿਅਕਤੀ ਖਿਲਾਫ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਅਧੀਨ ਧਰਾਵਾਂ ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ। ਇਸ ਗੁਰੂਘਰ ਵਿੱਚ ਹੋਈ ਬੇਅਦਬੀ ਤੋਂ ਬਾਅਦ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਹੈ। ਜਿਸ ਵਿੱਚ ਪਿੰਡ ਵਾਸੀਆਂ ਕੋਲ ਪਹੁੰਚੇ ਭਾਈ ਪਰਮਜੀਤ ਸਿੰਘ ਸਹੌਲੀ, ਅਮਰਜੀਤ ਸਿੰਘ ਮਰਿਆਦਾ ਭਾਈ ਤੇ ਬਾਬਾ ਬੂਟਾ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਪੁਲਿਸ ਪ੍ਰਸ਼ਾਸਨ ਨੂੰ ਉਕਤ ਵਿਅਕਤੀ ਖਿਲਾਫ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਤੇ ਉਹਨਾਂ ਕਿਹਾ ਕਿ ਇਸ ਵਿਅਕਤੀ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾਵੇ ਤਾਂ ਜੋ ਬੇਅਦਬੀ ਦੇ ਕਾਰਨਾਂ ਦਾ ਪਤਾ ਲੱਗ ਸਕੇ। ਉਨ੍ਹਾਂ ਕਿਹਾ ਕਿ ਇਸ ਵਿੱਚ ਤਿੰਨ ਮੈਂਬਰੀ ਸਿੱਟ ਬਣਾਈ ਜਾਵੇ ਜੋ ਕਿ ਡੂੰਘਾਈ ਨਾਲ ਪੁੱਛਗਿੱਛ ਕਰਨ ਤੇ ਅਸਲ ਕਾਰਨਾਂ ਦਾ ਪਤਾ ਲੱਗ ਸਕੇ ਕਿਉਂਕਿ ਆਏ ਦਿਨ ਹੋ ਰਹੀਆਂ ਬੇਅਦਬੀਆਂ ਵਿੱਚ ਮਾਨਸਿਕ ਰੋਗੀ ਦੱਸ ਕੇ ਮਾਮਲੇ ਨੂੰ ਠੰਡੇ ਵਸਤੇ ਵਿੱਚ ਪਾਇਆ ਜਾਂਦਾ ਹੈ ਹੈ ਤੇ 295 ਧਾਰਾ ਲਾ ਕੇ ਪਰਚਾ ਦਰਜ ਹੋ ਜਾਂਦਾ ਹੈ,ਪਰ ਦੋਸੀ ਜਲਦੀ ਹੀ ਜਮਾਨਤ ਤੇ ਵਾਪਸ ਆ ਜਾਂਦਾ ਹੈ। ਜਿਸ ਤੋਂ ਬਾਅਦ ਸਿੱਖ ਸੰਗਤ ਨੂੰ ਕਾਨੂੰਨ ਹੱਥ ਵਿੱਚ ਲੈਂਦਾ ਪੈਂਦਾ ਹੈ ਜੇਕਰ ਸਰਕਾਰਾਂ ਵੱਲੋਂ ਹਾਜ਼ਰ ਗੁਰੂ ਦੀ ਬੇਅਦਬੀ ਕਰਨ ਵਾਲੇ ਖਿਲਾਫ ਕਤਲ ਦਾ ਪਰਚਾ ਦਰਜ ਕਰਨ ਦਾ ਕਾਨੂੰਨ ਬਣੇ, ਤਾਂ ਇਹ ਘਟਨਾਵਾਂ ਰੁਕ ਸਕਦੀਆਂ ਹਨ। ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।