ਬਰਨਾਲਾ, 21 ਜਨਵਰੀ (ਬਘੇਲ ਸਿੰਘ ਧਾਲੀਵਾਲ)-ਪੰਜਾਬ ਅੰਦਰ ਸਿੱਖ ਸਮਾਜ ਦੇ ਕਰਵਾਏ ਜਾ ਰਹੇ ਧਰਮ ਪਰਿਵਰਤਨ ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਸਮੇਤ ਪੰਜ ਸਿੰਘ ਸਾਹਿਬਾਨ ਵੱਲੋਂ ਕਦੇ ਵੀ ਮਾਮਲੇ ਨੂੰ ਗੰਭੀਰਤਾ ਨਾਲ ਕਿਉਂ ਨਹੀ ਲਿਆ ਜਾ ਰਿਹਾ,ਜਦੋਂਕਿ ਪੰਜਾਬ ਅੰਦਰ ਸਿੱਖ ਵੱਡੀ ਪੱਧਰ ਤੇ ਈਸਾਈ ਧਰਮ ਅਪਣਾ ਰਹੇ ਹਨ। ਇਹਨਾਂ ਸਬਦਾਂ ਦਾ ਪ੍ਰਗਟਾਵਾ ਗੁਰਦੁਆਰਾ ਬੋਰਡ ਤਖਤ ਸ੍ਰੀ ਅਵਚਲ ਨਗਰ ਹਜੂਰ ਸਾਹਿਬ ਨੰਦੇੜ (ਮਹਾਰਾਸ਼ਟਰ) ਦੇ ਸਾਬਕਾ ਪ੍ਰਧਾਨ ਸ੍ਰ ਸ਼ੇਰ ਸਿੰਘ ਫੌਜੀ ਨੇ ਫੋਨ ਤੇ ਕੀਤੀ ਗੱਲਬਾਤ ਦੌਰਾਨ ਕੀਤਾ।ਉਹਨਾਂ ਕਿਹਾ ਕਿ ਪੰਜਾਬ ਅੰਦਰ ਸਿੱਖਾਂ ਦੇ ਇਸਾਈ ਬਨਣ ਦੀਆਂ ਖਬਰਾਂ ਸੰਸਾਰ ਪੱਧਰ ਤੇ ਸੁਣੀਆਂ ਜਾ ਰਹੀਆਂ ਹਨ,ਪਰ ਸਿੱਖ ਕੌਂਮ ਦੇ ਧਾਰਮਿਕ ਆਗੂ ਇਸ ਮਾਮਲੇ ਵਿੱਚ ਸਾਜ਼ਸ਼ੀ ਚੁੱਪ ਧਾਰੀ ਬੈਠੇ ਹਨ,ਜਿਸ ਤੋਂ ਸਪੱਸਟ ਹੁੰਦਾ ਹੈ ਕਿ ਉਹਨਾਂ ਦਾ ਇਸ ਪਾਸੇ ਕੋਈ ਧਿਆਨ ਨਹੀ ਹੈ।ਉਹਨਾਂ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਸਿੱਖਾਂ ਦੇ ਆਪਣੇ ਸੂਬੇ ਅੰਦਰ ਸਿੱਖੀ ਦਿਨੋ ਦਿਨ ਨਿਘਾਰ ਵੱਲ ਜਾ ਰਹੀ ਹੈ,ਪਰ ਪੰਜਾਬ ਤੋਂ ਬਾਹਰ ਵੱਖ ਵੱਖ ਸੂਬਿਆਂ ਵਿੱਚ ਵਸਦੇ ਸਿੱਖਾਂ ਨੇ ਸਿੱਖੀ ਨੂੰ ਸਾਂਭ ਕੇ ਰੱਖਿਆ ਹੋਇਆ ਹੈ।ਉਹਨਾਂ ਕਿਹਾ ਕਿ ਦੱਖਣੀ ਸਿੱਖਾਂ ਵਿੱਚ ਇੱਕ ਵੀ ਅਜਿਹਾ ਮਾਮਲਾ ਸਾਹਮਣੇ ਨਹੀ ਆਵੇਗਾ ਕਿ ਕੋਈ ਸਿੱਖ ਆਪਣਾ ਧਰਮ ਪਰਿਵਰਤਨ ਕਰਕੇ ਕਿਸੇ ਹੋਰ ਧਰਮ ਹਿੰਦੂ ਮੁਸਲਮ ਜਾਂ ਇਸਾਈ ਧਰਮ ਅਪਣਾਅ ਰਿਹਾ ਹੋਵੇ,ਪਰ ਪੰਜਾਬ ਅੰਦਰ ਇਹ ਵੱਡੀ ਪੱਧਰ ਤੇ ਹੋ ਰਿਹਾ ਹੈ।ਉਹਨਾਂ ਕਿਹਾ ਕਿ ਅਨੇਕਾਂ ਚਣੌਤੀਆਂ ਦੇ ਬਾਵਜੂਦ ਵੀ ਪੰਜਾਬ ਤੋਂ ਬਾਹਰ ਵਸਦੇ ਸਿੱਖਾਂ ਨੇ ਸਿੱਖੀ ਨੂੰ ਆਂਚ ਨਹੀ ਆਉਣ ਦਿੱਤੀ,ਪਰ ਪੰਜਾਬ ਅੰਦਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਸਿੱਖੀ ਦੇ ਪਾਸਾਰ ਪ੍ਰਚਾਰ ਨੂੰ ਯਕੀਨੀ ਬਣਾਵੇ,ਉਹਨਾਂ ਵੱਲੋਂ ਪ੍ਰਚਾਰ ਪਾਸਾਰ ਤਾਂ ਦੂਰ ਉਹ ਪਹਿਲਾਂ ਵਾਲੇ ਸਿੱਖਾਂ ਨੂੰ ਸਾਂਭਣ ਵਿੱਚ ਹੀ ਅਸਮਰੱਥ ਹਨ।ਉੁਹਨਾਂ ਸ੍ਰੀ ਅਕਾਲ ਤਖਤ ਸਾਹਿਬ ਸਮੇਤ ਪੰਜ ਸਿੰਘ ਸਾਹਿਬਾਨ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਚੋ ਸਿੱਖੀ ਤੋਂ ਦੂਰ ਜਾ ਰਹੇ ਲੋਕਾਂ ਨੂੰ ਮੁੜ ਸਿੱਖੀ ਵਿੱਚ ਵਾਪਸ ਲੈ ਕੇ ਆਉਣ ਸਬੰਧੀ ਕੋਈ ਰਣਨੀਤੀ ਬਨਾਉਣ,ਤਾਂ ਕਿ ਇਸ ਸਮੱਸਿਆ ਨੂੰ ਠੱਲ੍ਹ ਪਾਈ ਜਾ ਸਕੇ।