, ਜਗਰਾਓਂ : ਜਗਰਾਓਂ ਪੁਲਿਸ ਖ਼ਿਲਾਫ਼ ਸਤਲੁਜ ਦਰਿਆ ’ਚ ਨਾਜਾਇਜ਼ ਮਾਈਨਿੰਗ ਕਰਵਾਉਣ ਦੀ ਇਕ ਸਮਾਜ ਸੇਵੀ ਨੇ ਤਸਵੀਰਾਂ ਸਮੇਤ ਸ਼ਿਕਾਇਤ ਕੀਤੀ ਹੈ, ਜਿਸ ’ਚ ਸ਼ਿਕਾਇਤਕਰਤਾ ਨੇ ਪੰਜਾਬ ਦੇ ਮਾਈਨਿੰਗ ਵਿਭਾਗ ਦੇ ਸਕੱਤਰ, ਡੀਜੀਪੀ ਵਿਜੀਲੈਂਸ, ਡੀਸੀ ਲੁਧਿਆਣਾ ਤੇ ਪੰਜਾਬ ਮਾਈਨਿੰਗ ਵਿਭਾਗ ਦੇ ਚੀਫ ਇੰਜੀਨੀਅਰ ਨੂੰ ਸ਼ਿਕਾਇਤ ਭੇਜ ਕੇ ਜਗਰਾਓਂ ਦੇ ਡੀਐੱਸਪੀ ਤੇ ਪੁਲਿਸ ਚੌਕੀ ਇੰਚਾਰਜ ’ਤੇ ਰੇਤ ਮਾਫੀਆ ਨਾਲ ਮਿਲ ਕੇ ਸ਼ਰ੍ਹੇਆਮ ਧੜੱਲੇ ਨਾਲ ਸਤਲੁਜ ਦਰਿਆ ’ਚ ਨਜਾਇਜ਼ ਮਾਈਨਿੰਗ ਕਰਵਾਉਣ ਦੇ ਗੰਭੀਰ ਦੋਸ਼ ਲਗਾਏ ਹਨ। ਨਕੋਦਰ ਦੇ ਪਿੰਡ ਮੁਹੇਮ ਵਾਸੀ ਹਰਜਿੰਦਰ ਕੁਮਾਰ ਨੇ ਸ਼ਿਕਾਇਤ ’ਚ ਦੱਸਿਆ ਕਿ ਸਿੱਧਵਾਂ ਬੇਟ ਦਾ ਪਿੰਡ ਬਾਗੀਆਂ, ਬਾਗੀਆਂ ਖੁਰਦ, ਪਿੰਡ ਬਹਾਦਰ ਕੇ, ਪਿੰਡ ਸ਼ੇਰੇਵਾਲ ਤੇ ਸਿੱਧਵਾਂ ਬੇਟ ਏਰੀਏ ਦੇ ਸਤਲੁਜ ਨੂੰ ਦਰਿਆ ’ਚ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਇਸ ਤੋਂ ਪਹਿਲਾਂ ਵੀ 14 ਜਨਵਰੀ ਫੋਟੋਆਂ ਸਮੇਤ ਬੇਟ ਇਲਾਕੇ ’ਚ ਨਾਜਾਇਜ਼ ਮਾਈਨਿੰਗ ਦਾ ਖੁਲਾਸਾ ਹੋਇਆ ਸੀ ਪਰ ਪੁਲਿਸ ਵੱਲੋਂ ਇਸ ਮਾਮਲੇ ਨੂੰ ਜਾਂਚ ਕਰਨ ਦੀ ਥਾਂ ਕੋਈ ਕਾਰਵਾਈ ਕਰਨ ਦੀ ਥਾਂ ਖੁਰਦ ਬੁਰਦ ਕਰ ਦਿੱਤਾ ਗਿਆ।ਇਸ ਸ਼ਿਕਾਇਤ ’ਚ ਹਰਜਿੰਦਰ ਸਿੰਘ ਨੇ ਬਕਾਇਦਾ ਰੇਤਾ ਚੋਰੀ ਦੇ ਮਾਮਲੇ ਦੀ ਲੋਕੇਸ਼ਨ ਸਮੇਤ ਵੀਡੀਓਗਰਾਫੀ ਵੀ ਭੇਜੀ ਹੈ। ਇਹੀ ਨਹੀਂ ਉਸ ਵੱਲੋਂ ਬਕਾਇਦਾ ਅੱਧੀ ਦਰਜਨ ਵਿਅਕਤੀਆਂ ਦੇ ਨਾਮ ਪਤਾ ਵੀ ਸ਼ਿਕਾਇਤ ’ਚ ਦਰਜ ਕੀਤਾ ਹੈ, ਜਿਨ੍ਹਾਂ ’ਤੇ ਦੋਸ਼ ਲਾਇਆ ਹੈ ਕਿ ਇਨ੍ਹਾਂ ਵੱਲੋਂ ਨਾਜਾਇਜ਼ ਮਾਈਨਿੰਗ ਕੀਤੀ ਜਾਂਦੀ ਹੈ। ਪੰਜਾਬ ਸਰਕਾਰ ਦੇ ਅਧਿਕਾਰੀਆਂ ਨੂੰ ਭੇਜੀ ਇਸ ਸ਼ਿਕਾਇਤ ’ਚ ਪੁਲਿਸ ਵੱਲੋਂ ਪਿਛਲੇ ਦਿਨੀਂ ਉਹ ਉਕਤ ਵਿਅਕਤੀਆਂ ਦੀਆਂ ਨਾਜਾਇਜ਼ ਮਾਈਨਿੰਗ ਨਾਲ ਭਰੀਆਂ ਟਰੈਕਟਰ ਟਰਾਲੀਆਂ ਫੜ ਕੇ ਛੱਡ ਦਿੱਤੀਆਂ ਗਈਆਂ ਦੇ ਵੀ ਦੋਸ਼ ਲਗਾਏ ਹਨ। ਇਸ ਮਾਮਲੇ ਸਬੰਧੀ ਚੌਕੀ ਗਿੱਦੜਵਿੰਡੀ ਦੇ ਇੰਚਾਰਜ ਸੁਖਮੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਸ਼ਿਕਾਇਤਕਰਤਾ ਤੇ ਤਮਾਮ ਦੋਸ਼ਾਂ ਨੂੰ ਝੂਠ ਦੱਸਦਿਆਂ ਦਾਅਵਾ ਕੀਤਾ ਕਿ ਬੇਟ ਇਲਾਕੇ ’ਚ ਕਿਸੇ ਤਰ੍ਹਾਂ ਦੀ ਕੋਈ ਨਾਜਾਇਜ਼ ਮਾਈਨਿੰਗ ਨਹੀਂ ਹੋ ਰਹੀ।