ਧਨੌਲਾ, 21 ਜਨਵਰੀ(ਚਮਕੌਰ ਸਿੰਘ ਗੱਗੀ)-ਨਗਰ ਕੌਂਸਲ ਧਨੌਲਾ ਵਿੱਚ ਕੌਂਸਲ ਅਧਿਕਾਰੀਆਂ ਦੀ ਅਣਦੇਖੀ ਕਾਰਣ ਜਿੱਥੇ ਸਰਕਾਰ ਵਲੋਂ ਦਿੱਤੀ ਕਰੋੜਾਂ ਦੀ ਗ੍ਰਾਂਟ ਨੂੰ ਚੂਨਾ ਲੱਗ ਰਿਹਾ ਉਥੇ ਠੇਕੇਦਾਰਾਂ ਵੱਲੋਂ ਵੀ ਆਪਣੀ ਮਨਮਰਜੀ ਕੀਤੀ ਜਾ ਰਹੀ ਹੈ ਅਤੇ ਵਿਕਾਸ ਕਾਰਜ ਅੱਧ ਵਿਚਾਲੇ ਹੀ ਰੁਕ ਗਏ। ਜਿਕਰਯੋਗ ਹੈ ਕਿ ਨਗਰ ਧਨੌਲਾ ਦੇ ਵੱਖ ਵੱਖ ਵਿਕਾਸ ਕਾਰਜਾਂ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਵੀਹ ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਸੀ, ਜਿਸ ਨਾਲ ਧਨੌਲਾ ਰੋਡ ਦੀ ਗਲੀ ਇੰਟਰਲਾਕ ਨਾਲ ਪੱਕੀ ਕੀਤੀ ਜਾਣੀ ਸੀ, ਪਰ ਇਥੇ ਕੌਂਸਲ ਦੇ ਅਫ਼ਸਰਾਂ ਵੱਲੋਂ ਕੰਮਾਂ ਵੱਲ ਧਿਆਨ ਨਾ ਦੇ ਕੇ , ਠੇਕੇਦਾਰਾਂ ਨੂੰ ਮਨਮਰਜੀਆਂ ਕਰਨ ਲਈ ਖੁੱਲ ਦੇ ਦਿੱਤੀ, ਠੇਕੇਦਾਰਾਂ ਨੇ ਜਿੱਥੇ ਐਸਟੀਮੇਟ ਅਨੁਸਾਰ ਕੰਮ ਨਾ ਕਰਕੇ ਘਟੀਆ ਮਟੀਰੀਅਲ ਪਾਇਆ ਜਾ ਰਿਹਾ ਉਥੇ ਹੀ ਐਸਟੀਮੇਟ ਪੂਰਾ ਹੋਣ ਦਾ ਬਹਾਨਾ ਲਾ ਕੇ ਕੰਮ ਵੀ ਅੱਧ ਵਿਚਾਲੇ ਛੱਡ ਦਿੱਤਾ ਗਿਆ, ਦੱਸਣਯੋਗ ਹੈ ਕਿ ਡੀ ਐਮ ਕੇ ਬਿਲਡਰਜ ਨੂੰ ਧਨੌਲਾ ਦੇ ਵੱਖ ਵੱਖ ਕੰਮ ਮਿਲੇ ਸਨ ਜਿੰਨੇ ਵਿੱਚ ਡਾਕਖਾਨਾ ਰੋਡ ਦਾ ਕੰਮ ਵੀ ਡੀ ਐਮ ਕੇ ਵੱਲੋਂ ਹੀ ਕਰਨਾ ਸੀ, ਜਿਸ ਦੇ ਟੈਂਡਰ ਦਰਵਾਜੇ ਤੋਂ ਮੇਨ ਰੋਡ ਤਕ ਕਰਨਾ ਸੀ, ਜਿਸ ਵਿੱਚ ਚਾਰ ਇੰਚੀ ਗਟਕਾ ਪਾਇਆ ਜਾਣਾ ਸੀ, ਪਰ ਉਕਤ ਠੇਕੇਦਾਰ ਵੱਲੋਂ ਗਟਕਾ ਤਾਂ ਪਾਉਣਾ ਕੀ ਸੀ, ਇੰਟਰਲਾਕ ਇੱਟ ਵੀ ਅੱਧ ਵਿਚਕਾਰ ਹੀ ਛੱਡ ਦਿੱਤੀ, ਜਿਸ ਕਾਰਨ ਰਾਹਗੀਰਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ, ਇਸ ਸਬੰਧੀ ਨਗਰ ਕੌਸਲ ਦੇ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਜੋ ਡੀਐਮਕੇ ਵੱਲੋਂ ਕੰਮ ਕੀਤੇ ਜਾ ਰਹੇ ਹਨ ਉਹਨਾਂ ਦੀ ਜਾਂਚ ਚੱਲ ਰਹੀ ਹੈ, ਜੇਕਰ ਕੋਈ ਕੰਮ ਅੱਧ ਵਿੱਚਕਾਰ ਛੱਡਿਆ ਗਿਆ ਹੈ ਤਾਂ ਉਸਦੀ ਵੀ ਜਾਂਚ ਕੀਤੀ ਜਾਵੇਗੀ, ਹੁਣ ਦੇਖਣਾ ਹੋਵੇਗਾ ਕਿ ਉਕਤ ਠੇਕੇਦਾਰ ਖਿਲਾਫ ਜਾਂਚ ਸਿਰਫ ਕਾਗਜਾਂ ਜਾਂ ਫਾਈਲਾਂ ਤੱਕ ਹੀ ਸੀਮਤ ਰਹੇਗੀ ਜਾਂ ਕੋਈ ਕਾਰਵਾਈ ਹੋਵੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।