ਲੁਧਿਆਣਾ : ਪਬਜੀ ਗੇਮ ਦੇ ਜ਼ਰੀਏ ਹੋਈ ਦੋਸਤੀ ਤੋਂ ਬਾਅਦ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਇੱਕ ਨੌਜਵਾਨ ਨੇ ਲੁਧਿਆਣਾ ਦੇ ਰਿਸ਼ੀ ਨਗਰ ਦੀ ਰਹਿਣ ਵਾਲੀ ਲੜਕੀ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਮੁਲਜ਼ਮ ਨੇ ਲੜਕੀ ਨੂੰ ਬਦਨਾਮ ਕਰਨ ਦੀ ਨੀਅਤ ਨਾਲ ਉਸਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਅਪਲੋਡ ਕਰ ਦਿੱਤੀਆਂ ਅਤੇ ਬਲੈਕਮੇਲ ਕਰ ਕੇ ਉਸ ਕੋਲੋਂ 41 ਹਜ਼ਾਰ ਦੀ ਰਕਮ ਹਾਸਿਲ ਕੀਤੀ। ਇਸ ਮਾਮਲੇ ਵਿੱਚ ਲੁਧਿਆਣਾ ਦੇ ਸਾਈਬਰ ਕ੍ਰਾਈਮ ਦੀ ਟੀਮ ਨੇ ਰਿਸ਼ੀ ਨਗਰ ਦੇ ਰਹਿਣ ਵਾਲੇ ਲੜਕੀ ਦੇ ਭਰਾ ਦੀ ਸ਼ਿਕਾਇਤ ਤੇ ਮੱਧ ਪ੍ਰਦੇਸ਼ ਦੇ ਵਾਸੀ ਮਨੋਜ ਪ੍ਰਜਾਪਤੀ ਦੇ ਖ਼ਿਲਾਫ਼ ਮੁਕਦਮਾ ਦਰਜ ਕਰ ਲਿਆ ਹੈ।ਸਾਈਬਰ ਕ੍ਰਾਈਮ ਦੀ ਟੀਮ ਨੂੰ ਸ਼ਿਕਾਇਤ ਦਿੰਦਿਆਂ ਲੜਕੀ ਦੇ ਭਰਾ ਨੇ ਦੱਸਿਆ ਕਿ ਉਸਦੀ 28 ਸਾਲ ਦੀ ਭੈਣ ਦੀ ਦੋਸਤੀ ਪਬਜੀ ਗੇਮ ਖੇਡਦੇ ਸਮੇਂ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਮਨੋਜ ਪ੍ਰਜਾਪਤੀ ਨਾਲ ਹੋਈ ਸੀ । ਦੋਸਤੀ ਕਰਨ ਤੋਂ ਬਾਅਦ ਮੁਲਜਮ ਨੇ ਲੜਕੀ ਨੂੰ ਬਦਨਾਮ ਕਰਨ ਦੀ ਨੀਅਤ ਨਾਲ ਉਸਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਰਾਹੀਂ ਇੰਸਟਾਗਰਾਮ ਆਈਡੀ ਤੇ ਅਪਲੋਡ ਕਰ ਦਿੱਤੀਆਂ । ਮੁਲਜਮ ਨੇ ਲੜਕੀ ਨੂੰ ਡਰਾ ਕੇ ਉਸ ਕੋਲੋਂ 41 ਹਜ਼ਾਰ ਦੀ ਰਕਮ ਵੀ ਹਾਸਿਲ ਕਰ ਲਈ । ਜਿਵੇਂ ਹੀ ਇਸ ਸਬੰਧੀ ਲੜਕੀ ਦੇ ਭਰਾ ਨੂੰ ਪਤਾ ਲੱਗਾ ਤਾਂ ਉਸਨੇ ਸ਼ਿਕਾਇਤ ਸਾਈਬਰ ਕ੍ਰਾਈਮ ਦੀ ਟੀਮ ਨੂੰ ਦਿੱਤੀ । ਇਸ ਮਾਮਲੇ ਵਿੱਚ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਪੜਤਾਲ ਤੋਂ ਬਾਅਦ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਮਨੋਜ ਨਾਮ ਦੇ ਵਿਅਕਤੀ ਦੇ ਖਿਲਾਫ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।