ਮਾਲਵੇ ਦੇ ਇੱਕ ਵੱਡੇ ਉਦਯੋਗਿਕ ਘਰਾਣੇ ਵੱਲੋਂ ਕੈਂਸਰ ਰੋਕੂ ਸੰਸਥਾ ਦੇ ਨਾਲ ਮਿਲਕੇ ਬਰਨਾਲਾ ਵਿੱਚ ਲਾਏ ਜਾ ਰਹੇ ਕਥਿਤ ਕੈਂਸਰ ਮੇਲੇ ਨੇ ਨਵੀਂ ਚਰਚਾ ਨੂੰ ਜਨਮ ਦਿੱਤਾ ਹੈ ਅਤੇ ਇਹ ਸੋਚਣ ਲਈ ਮਜਬੂਰ ਕੀਤਾ ਹੈ ਕਿ ਉਪਰੋਕਤ ਮੁਨਾਫੇਖੋਰ ਘਰਾਣਿਆਂ ਦੀਆਂ ਨਜਰਾਂ ਵਿੱਚ ਆਮ ਲੋਕਾਂ ਦੀ ਜਿੰਦਗੀ ਦਾ ਕਿੰਨਾ ਕੁ ਮਹੱਤਵ ਹੈ। ਉਪਰੋਕਤ ਮੁਨਾਫਾਖੋਰਾਂ ਵੱਲੋਂ ਇਸ ਭਿਆਨਕ ਬਿਮਾਰੀ ਦੇ ਨਾਮ ਤੇ ਮੇਲਾ ਕਰਵਾਉਣ ਦਾ ਪਰਚਾਰ ਕਰਕੇ ਪੰਜਾਬ ਖਾਸ ਕਰਕੇ ਮਾਲਵਾ ਖੇਤਰ ਦੇ 40 ਫੀਸਦੀ ਤੋ ਵੱਧ ਕੈਂਸਰ ਪੀੜਤ ਲੋਕਾਂ ਦੇ ਦਿਲਾਂ ਨੂੰ ਭਾਰੀ ਠੇਸ ਪਹੁੰਚਾਈ ਜਾ ਰਹੀ ਹੈ। ਉਦਯੋਗਪਤੀਆਂ ਦੁਆਰਾ ਧੱਕੇ ਨਾਲ ਐਕਿਉਰ ਕੀਤੀਆਂ ਜਮੀਨਾਂ ਤੇ ਉਸਾਰੇ ਵੱਡੇ ਰਸਾਇਣਕ ਕਾਰਖਾਨਿਆਂ ਦੀਆਂ ਜਹਿਰੀਲੀਆਂ ਗੈਸਾਂ ਫਸਲਾਂ ਅਤੇ ਨਸਲਾਂ ਨੂੰ ਬਰਬਾਦ ਕਰਨ ਦੀਆਂ ਜਿੰਮੇਵਾਰ ਹਨ। ਕਾਰਖਾਨੇਦਾਰਾਂ ਵੱਲੋਂ ਬੇ-ਹਿਸਾਬੇ ਮੁਨਾਫੇ ਦੇ ਲਾਲਚ ਵਿੱਚ ਖੁਦ ਪੈਦਾ ਕੀਤੀਆਂ ਭਿਆਨਕ ਬਿਮਾਰੀਆਂ ’ਚੋਂ ਇੱਕ ਦੇ ਨਾਮ ਤੇ ਲਾਇਆ ਜਾ ਰਿਹਾ ਇਹ ਮੇਲਾ ਜਿੱਥੇ ਕੰਗਾਲੀ ਦੀ ਕਾਗਾਰ ਤੇ ਪਹੁੰਚਾ ਦਿੱਤੇ ਗਏ, ਅਭਾਗੇ ਪੀੜਤ ਲੋਕਾਂ ਦੀ ਮਜਬੂਰੀ ਅਤੇ ਬੇ-ਵਸੀ ਦਾ ਮਜਾਕ ਉਡਾਉਂਦਾ ਹੈ,ਓਥੇ ਮੁਫਤ ਦੇ ਲੋਲੀਪੋਲ ਨਾਲ ਲੁਭਾਉਣ ਦਾ ਕੋਝਾ ਯਤਨ ਵੀ ਹੈ। ਕੈਂਸਰ ਅਜਿਹੀ ਭਿਆਨਕ ਬਿਮਾਰੀ ਹੈ ਜਿਹੜੀ ਜਿਸ ਵਿਅਕਤੀ ਨੂੰ ਚਿੰਬੜ ਜਾਂਦੀ ਹੈ,ਉਹਦੇ ਸਰੀਰ ਦਾ ਮਾਸ ਖਤਮ ਹੋਣ ਤੱਕ ਨੋਚਦੀ ਰਹਿੰਦੀ ਹੈ, ਅਖੀਰ ਬਿਮਾਰ ਵਿਅਕਤੀ ਤਿਲ ਤਿਲ ਹੋ ਕੇ ਮਰ ਜਾਂਦਾ ਹੈ ਅਤੇ ਏਸੇ ਰਫ਼ਤਾਰ ਨਾਲ ਉਹਦਾ ਘਰ ਵੀ ਖਤਮ ਹੋ ਜਾਂਦਾ ਹੈ,ਕਿਉਂਕਿ ਇਹ ਬਿਮਾਰੀ ਨਾ ਪੀੜਤ ਨੂੰ ਛੱਡਦੀ ਹੈ ਅਤੇ ਨਾ ਹੀ ਘਰ ਵਿੱਚ ਪੈਸਾ ਛੱਡਦੀ ਹੈ।ਇਲਾਜ ਦੇ ਨਾਮ ਤੇ ਹੁੰਦੀ ਅੰਨ੍ਹੀ ਲੁੱਟ ਹੁਣ ਕਿਸੇ ਤੋ ਲੁਕੀ ਛੁਪੀ ਨਹੀ ਹੈ। ਆਮ ਸਾਧਾਰਨ ਪਰਿਵਾਰ ਇਸ ਬਿਮਾਰੀ ਦਾ ਮਹਿੰਗਾ ਇਲਾਜ ਨਾ ਕਰਵਾ ਸਕਣ ਕਰਕੇ ਝੂਰਦੇ ਰਹਿੰਦੇ ਹਨ ਅਤੇ ਸਰਦੇ ਪੁੱਜਦੇ ਲੋਕ ਪੈਸੇ ਨਾਲ ਵੀ ਆਪਣਿਆਂ ਨੂੰ ਨਾ ਬਚਾਅ ਸਕਣ ਕਰਕੇ ਝੂਰਦੇ ਰਹਿੰਦੇ ਹਨ। ਸੋ ਸਵਾਲ ਤਾਂ ਇਹ ਹੈ ਕਿ ਕੀ ਅਜਿਹੀ ਬਿਮਾਰੀ ਦੇ ਇਲਾਜ ਲਈ ਲਾਏ ਗਏ ਕੈਂਪ ਨੂੰ ਮੇਲੇ ਦਾ ਨਾਮ ਦੇਣਾ ਸਹੀ ਹੈ? ਇਹ ਸਵਾਲ ਤੇ ਸੰਜੀਦਗੀ ਨਾਲ ਵਿਚਾਰ ਚਰਚਾ ਕਰਨ ਦੀ ਜਰੂਰਤ ਹੈ।ਇਹ ਵੀ ਸੱਚ ਹੈ ਕਿ ਸਦੀਆਂ ਤੋਂ ਆਮ ਲੁਕਾਈ ’ਤੇ ਸਰਮਾਏਦਾਰੀ ਸਿਸਟਮ ਦਾ ਬੋਲਬਾਲਾ ਰਿਹਾ ਹੈ। ਸਰਮਾਏਦਾਰ ਲਈ ਆਮ ਲੋਕ ਹਮੇਸਾਂ ਮੰਡੀ ਦੀ ਵਸਤੂ ਤੋ ਵੱਧ ਕੁੱਝ ਵੀ ਨਹੀ ਰਹੇ। ਜਿੰਨਾਂ ਤੋ ਮੁਨਾਫਾ ਕਮਾਉਣਾ ਹੀ ਸਰਮਾਏਦਾਰੀ ਦਾ ਧਰਮ ਰਿਹਾ ਹੈ।ਉਹਨਾਂ ਲਈ ਤੰਦਰੁਸਤ,ਬਿਮਾਰ, ਜਿਉਂਦੇ,ਮਰਦੇ ਸਹਿਕਦੇ ਤੜਫਦੇ ਸਭ ਤਰ੍ਹਾਂ ਦੇ ਲੋਕ ਕਮਾਈ ਦਾ ਸਾਧਨ ਹਨ, ਉਹਨਾਂ ਦੇ ਕਾਰਖਾਨਿਆਂ ਦੀ ਮਸ਼ੀਨਰੀ ਹਨ,ਦਵਾਈਆਂ ਦੀਆਂ ਫੈਕਟਰੀਆਂ ਲਈ ਵੱਡੇ ਮੁਨਾਫੇ ਦੀ ਆਸ ਦੀ ਕਿਰਨ ਹਨ ਅਤੇ ਕਾਰਖਾਨਿਆਂ ਦੀ ਅੱਗ ਦਾ ਬਾਲਣ ਹਨ,ਕਾਰਖਾਨਿਆਂ ਦੀਆਂ ਚਿਮਨੀਆਂ ’ਚੋਂ ਨਿਕਲਦੇ ਜਹਿਰੀਲੇ ਰਸਾਇਣਾਂ ਦਾ ਧੂਆਂ ਕਾਦਰ ਦੀ ਕੁਦਰਤ ਦਾ ਮੂੰਹ ਚਿੜਾਉਂਦਾ ਹੈ। ਗੈਰ ਕਨੂੰਨੀ ਤਰੀਕੇ ਨਾਲ ਧਰਤੀ ਹੇਠਾਂ ਸੁੱਟਿਆ ਜਾ ਰਿਹਾ ਜਹਿਰੀਲਾ ਪਾਣੀ ਧਰਤੀ ਦੇ ਅਮ੍ਰਿਤ ਰੂਪੀ ਪਾਣੀ ਵਿੱਚ ਮਿਲਕੇ ਧਰਤੀ ਹੇਠਲੇ ਸ਼ੁੱਧ ਪਾਣੀ ਨੂੰ ਜਹਿਰ ਬਣਾ ਰਿਹਾ ਹੈ,ਡਰੇਨਾਂ ਅਤੇ ਸੀਵਰੇਜ ਵਿੱਚ ਗੈਰ ਕਨੂੰਨੀ ਢੰਗ ਨਾਲ ਸੁੱਟਿਆ ਜਾ ਰਿਹਾ ਰਸਾਇਣ ਯੁਕਤ ਪਾਣੀ ਉਹਨੂੰ ਮੁੜ ਵਰਤੋ ਯੋਗ ਬਨਣ ਵਿੱਚ ਰੁਕਾਵਟ ਬਣ ਜਾਂਦਾ ਹੈ,ਨਤੀਜੇ ਵਜੋ ਕੈਂਸਰ,ਪੇਟ ਦਾ ਅਲਸਰ ਅਤੇ ਕਾਲੇ ਪੀਲੀਏ ਵਰਗੀਆਂ ਭਿਆਨਕ ਬਿਮਾਰੀਆਂ ਅੱਜ ਦੇ ਮਨੁੱਖ ਲਈ ਜਾਨ ਦਾ ਖੌਅ ਬਣੀਆਂ ਹੋਈਆਂ ਹਨ। ਘਰ ਘਰ ਦੇ ਅੰਦਰ ਦਹਿਸਤ ਦਾ ਮਹੌਲ ਹੈ। ਤੰਦਰੁਸਤ ਵਿਅਕਤੀ ਵੀ ਸਰੀਰ ਦੀ ਮੈਡੀਕਲ ਜਾਂਚ ਕਰਵਾਉਣ ਤੋ ਤ੍ਰਭਕਦਾ ਹੈ। ਅਜਿਹੇ ਕੈਂਪਾਂ ਨੂੰ ਮੌਤ ਦੇ ਭੈਅ ਵਿੱਚ ਜਿਉਂ ਰਹੇ ਪੀੜਤ ਮੇਲੇ ਦੇ ਰੂਪ ’ਚ ਕਿਵੇਂ ਦੇਖ ਸਕਦੇ ਹਨ? ਮੇਲਾ ਖੁਸ਼ੀ ਨੂੰ ਪ੍ਰਗਟ ਕਰਦਾ ਹੈ ਅਤੇ ਮੈਡੀਕਲ ਕੈਂਪ ਪੀੜਤ ਨਾਲ ਦੁੱਖ ਵੰਡਾਉਣ ਵਰਗਾ ਅਹਿਸਾਸ ਹੁੰਦਾ ਹੈ। ਭਾਵੇਂ ਅਜਿਹਾ ਅਹਿਸਾਸ ਵੀ ਮਹਿਜ ਅਹਿਸਾਸ ਤੋ ਵੱਧ ਹੋਰ ਕੁੱਝ ਨਹੀ ਹੁੰਦਾ, ਸਿਵਾਏ ਡਾਕਟਰਾਂ ਅਤੇ ਹਸਪਤਾਲਾਂ ਨਾਲ ਜਾਣ ਪਛਾਣ ਕਰਵਾਉਣ ਤੋ,ਤਾਂ ਵੀ ਦੋਵਾਂ ਸਬਦਾਂ ਵਿੱਚ ਕਿਧਰੇ ਵੀ ਸਮਾਨਤਾ ਨਹੀ,ਬਲਕਿ ਪਰਸਪਰ ਵਿਰੋਧੀ ਸਬਦ ਹਨ।ਸੋ ਪੁੱਛਣਾ ਤਾਂ ਬਣਦਾ ਹੈ ਕਿ ਜਿੰਦਗੀ ਮੌਤ ਦੀ ਲੜਾਈ ਲੜਦੇ ਲੋਕਾਂ ਲਈ ਕੈਂਸਰ ਦੇ ਜਾਂਚ ਕੈਂਪ ਜਿਹੜੇ ਅਕਸਰ ਹੀ ਹਸਪਤਾਲਾਂ ਦਾ ਸਿਰਨਾਵਾਂ ਹੁੰਦੇ ਹਨ,ਮੇਲਾ ਕਿਵੇਂ ਹੋ ਸਕਦੇ ਹਨ ?
ਬਘੇਲ ਸਿੰਘ ਧਾਲੀਵਾਲ
99142-58142