ਤਪਾ ਮੰਡੀ: ਸ਼ਹਿਰ ਵਿੱਚ ਬਾਬਾ ਸੁਖਾ ਨੰਦ ਅਤੇ ਸ਼ਾਂਤੀ ਹਾਲ ਨਜ਼ਦੀਕ ਤੇਜ਼ ਰਫ਼ਤਾਰ ਟਰੱਕ ਨੇ ਇੱਕ ਸਾਈਕਲ ਸਵਾਰ ਵਿਅਕਤੀ ਨੂੰ ਦਰੜਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਸਾਈਕਲ ਸਵਾਰ ਦਰਬਾਰਾ ਸਿੰਘ ਵਾਸੀ ਪਿੰਡ ਘੁੰਨਸ ਸਾਈਕਲ ਤੇ ਬਾਹਰਲੇ ਬੱਸ ਅੱਡੇ ਵੱਲ ਜਾ ਰਿਹਾ ਸੀ ਤਾਂ ਇੱਕ ਟਰੱਕ ਨੇ ਉਸਨੂੰ ਆਪਣੀ ਲਪੇਟ 'ਚ ਲੈ ਲਿਆ, ਜਿਸ ਕਾਰਨ ਸਾਈਕਲ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦਾ ਪਤਾ ਲੱਗਦੇ ਹੀ ਸਹਾਇਕ ਥਾਣੇਦਾਰ ਸਤਿਗੁਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ। ਉਧਰ ਦੂਜੇ ਪਾਸੇ ਜਦ ਪਰਿਵਾਰਕ ਮੈਂਬਰਾਂ ਨੂੰ ਦਰਬਾਰਾ ਸਿੰਘ ਦੀ ਮੌਤ ਦਾ ਪਤਾ ਲੱਗਾ ਤਾਂ ਉਹਨਾਂ ਮੌਕੇ 'ਤੇ ਪਹੁੰਚ ਕੇ ਕਾਰਵਾਈ ਦੀ ਮੰਗ ਕਰਦਿਆਂ ਲਾਸ਼ ਨੂੰ ਸੜਕ ਵਿਚਕਾਰ ਰੱਖ ਕੇ ਰੋਸ ਪ੍ਰਦਰਸ਼ਨ ਸ਼ੁਰੂ ਕਰਕੇ ਧਰਨਾ ਲਗਾ ਦਿੱਤਾ। ਦੇਖਦੇ ਹੀ ਦੇਖਦੇ ਲੋਕਾਂ ਦਾ ਭਾਰੀ ਇਕੱਠ ਹੋ ਗਿਆ ਤੇ ਸਥਿਤੀ ਬੇਕਾਬੂ ਹੁੰਦੀ ਦੇਖ ਮੌਕੇ 'ਤੇ ਡੀ.ਐਸ.ਪੀ ਤਪਾ ਗੁਰਬਿੰਦਰ ਸਿੰਘ ਅਤੇ ਅਡੀਸ਼ਨਲ ਥਾਣਾ ਮੁਖੀ ਮੈਡਮ ਰੇਨੂੰ ਪਰੋਚਾ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ। ਜਿਨ੍ਹਾਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਦੇ ਮੋਹਤਬਰਾਂ ਨੂੰ ਸਮਝਾ ਕੇ ਕਾਰਵਾਈ ਦਾ ਹਰ ਸੰਭਵ ਭਰੋਸਾ ਦਿੱਤਾ ਤੇ ਧਰਨਾ ਚੁਕਵਾਇਆ। ਉਪਰੰਤ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਬਰਨਾਲਾ ਵਿਖੇ ਮੋਰਚਰੀ ਹਾਊਸ ਵਿਖੇ ਪਹੁੰਚਾਇਆ। ਜਦ ਇਸ ਸਬੰਧੀ ਡੀ.ਐਸ.ਪੀ ਤਪਾ ਗੁਰਬਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਪੁਲਿਸ ਨੇ ਦੋਸ਼ੀ ਨੂੰ ਕਾਬੂ ਕਰ ਲਿਆ ਹੈ।ਪੁਲਿਸ ਵੱਲੋਂ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ 'ਤੇ ਬਣਦੀ ਅਗਲੇਰੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਜਗਤਾਰ ਸਿੰਘ, ਵਿਸਾਖਾ ਸਿੰਘ ਤੇ ਕਾਲਾ ਸਿੰਘ ਆਦਿ ਪਿੰਡ ਦੇ ਹੋਰ ਮੌਹਤਵਰ ਪਹੁੰਚ ਗਏ ਸਨ।