ਅੰਮ੍ਰਿਤਸਰ : ਜੰਡਿਆਲਾ ਗੁਰੂ ਹਲਕੇ ਦੇ ਪਿੰਡ ਨਿਜ਼ਾਮਪੁਰਾ ’ਚ ਦਲਿਤ ਭਾਈਚਾਰੇ ਦੇ ਇਕ 14 ਸਾਲਾ ਲੜਕੇ ਦੀ ਭਰੀ ਪੰਚਾਇਤ ’ਚ ਕੁੱਟਮਾਰ ਕੀਤੀ ਗਈ। ਇਹ ਘਟਨਾ 15 ਅਪ੍ਰੈਲ ਦੀ ਹੈ। ਲੜਕਾ ਭੁੱਖ ਲੱਗਣ ’ਤੇ ਕੰਧ ਟੱਪ ਕੇ ਪਿੰਡ ਦੇ ਗੁਰਿੰਦਰ ਸਿੰਘ ਦੇ ਘਰ ਵੜ ਗਿਆ ਸੀ। ਖਾਣਾ ਚੋਰੀ ਕਰਨ ਲੱਗਿਆ ਜਦੋਂ ਬਰਤਨ ਡਿੱਗਣ ’ਤੇ ਪਤਾ ਲੱਗਿਆ ਤਾਂ ਗੁਰਿੰਦਰ ਆਪਣੇ ਪਰਿਵਾਰ ਸਮੇਤ ਮੌਕੇ ’ਤੇ ਪਹੁੰਚਿਆ ਤੇ ਪਹਿਲਾਂ ਉਸ ਨੂੰ ਗੱਰ ਦੇ ਅੰਦਰ ਕੁੱਟਿਆ ਤੇ ਫਿਰ ਪੰਚਾਇਤ ਬੁਲਾਈ ਗਈ। ਉਸ ਨੂੰ ਭਰੀ ਪੰਚਾਇਤ ’ਚ ਕੁੱਟਿਆ ਗਿਆ ਤੇ ਜ਼ਲੀਲ ਕੀਤਾ ਗਿਆ। ਕੁੱਟਮਾਰ ਨਾਲ ਜ਼ਖਮੀ ਹੋਏ ਲੜਕੇ ਨੂੰ ਦੋ ਦਿਨ ਹਸਪਤਾਲ ’ਚ ਰਹਿਣਾ ਪਿਆ। ਪੀੜਤ ਧਿਰ ਨੇ ਇਸ ਸਬੰਧੀ ਪੁਲਿਸ ਨੂੰ ਕੋਈ ਸ਼ਿਕਾਇਤ ਨਹੀਂ ਦਿੱਤੀ। ਹਸਪਤਾਲ ਤੋਂ ਕਿਸੇ ਨੇ ਦਲਿਤ ਜਾਤੀ ਦੇ ਨੇਤਾ ਕਰਮਜੀਤ ਸਿੰਘ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਤਾਂ ਉਹ ਹਸਪਤਾਲ ਪੁੱਜੇ ਤੇ ਪੂਰੇ ਮਾਮਲੇ ਤੋਂ ਮੁੱਖ ਮੰਤਰੀ ਭਗਵੰਤ ਮਾਨ, ਐੱਸਸੀ ਕਮਿਸ਼ਨ, ਡੀਸੀ ਤੇ ਐੱਸਐੱਸਪੀ ਨੂੰ ਜਾਣੂ ਕਰਵਾਇਆ ਗਿਆ। ਨਾਲ ਹੀ ਉਨ੍ਹਾਂ ਨੇ ਜੰਡਿਆਲਾ ਗੁਰੂ ਥਾਣੇ ’ਚ ਬੱਚੇ ਨੂੰ ਭਰੀ ਪੰਚਾਇਤ’ਚ ਕੁੱਟਣ ਦੀ ਸ਼ਿਕਾਇਤ ਵੀ ਦਿੱਤੀ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਐਤਵਾਰ ਨੂੰ ਕਾਰਵਾਈ ਕਰਦਿਆਂ ਮੁਲਜ਼ਮ ਗੁਰਿੰਦਰ ਸਿੰਘ ਖ਼ਿਲਾਫ਼ ਮਾਰਕੁੱਟ ਤੇ ਐੱਸਸੀਐੱਸਟੀ ਐਕਟ ਤਹਿਤ ਕੇਸ ਦਰਜ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ•।ਕਰਮਜੀਤ ਨੇ ਦੱਸਿਆ ਕਿ ਪਿੰਡ ਦਾ ਇਕ ਪਰਿਵਾਰ ਮਿਹਨਤ-ਮਜ਼ਦੂਰੀ ਕਰ ਕੇ ਆਪਣਾ ਗੁਜ਼ਾਰਾ ਕਰਦਾ ਹੈ। ਕੁਝ ਦਿਨ ਪਹਿਲਾਂ ਪਰਿਵਾਰ ਦਾ 14 ਸਾਲਾਂ ਦਾ ਮੁੰਡਾ ਭੁੱਖ ਲੱਗਣ ’ਤੇ ਗੁਰਵਿੰਦਰ ਸਿੰਘ ਉਰਫ਼ ਗਿੰਦਰ ਦੇ ਘਰ ਦਾਖ਼ਲ ਹੋਇਆ। ਕਰਮਜੀਤ ਨੇ ਦੋਸ਼ ਲਗਾਇਆ ਕਿ ਜਦੋਂ ਗੁਰਵਿੰਦਰ ਸਿੰਘ ਨੂੰ ਉਸ ਦੇ ਘਰ ’ਚ ਦਾਖਲ ਹੋਣ ਬਾਰੇ ਪਤਾ ਲੱਗਾ ਤਾਂ ਉਸ ਨੇ ਲੜਕੇ ਦੀ ਕੁੱਟਮਾਰ ਕੀਤੀ। ਉਸ ’ਤੇ ਲੋਹੇ ਦੀਆਂ ਰਾਡਾਂ ਨਾਲ ਕਈ ਵਾਰ ਹਮਲਾ ਕੀਤਾ ਤੇ ਉਸ ਦਾ ਸਿਰ ਪਾੜ ਗਿਆ। ਬੱਚੇ ਦੇ ਸਿਰ ’ਤੇ ਟਾਂਕੇ ਲਗਾਉਣੇ ਪਏ ਤੇ ਉਸ ਨੂੰ ਦੋ ਦਿਨ ਸਰਕਾਰੀ ਹਸਪਤਾਲ ’ਚ ਵੀ ਰਹਿਣਾ ਪਿਆ। ਦੋਸ਼ ਹੈ ਕਿ ਗੁਰਵਿੰਦਰ ਸਿੰਘ ਪਰਿਵਾਰ ਨੂੰ ਪਿੰਡ ’ਚ ਦਾਖ਼ਲ ਨਾ ਹੋਣ ਦੇਣ ਦੀਆਂ ਧਮਕੀਆਂ ਵੀ ਦੇ ਰਿਹਾ ਸੀ। ਐਤਵਾਰ ਨੂੰ ਬੱਚੇ ਨੂੰ ਹਸਪਤਾਲ ਤੋਂ ਉਨ੍ਹਾਂ ਦੇ ਘਰ ਛੱਡਣ ਆਏ।
ਕਰਮਜੀਤ ਨੇ ਦੱਸਿਆ ਕਿ ਇਹ ਮੁੱਦਾ ਨਿਜ਼ਾਮਪੁਰਾ ਪਿੰਡ ਦੀ ਪੰਚਾਇਤ ’ਚ ਵੀ ਚੁੱਕਿਆ ਗਿਆ ਸੀ। ਪਰ ਪੰਚਾਇਤ ਨੇ ਗੁਰਵਿੰਦਰ ਸਿੰਘ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ। ਸਗੋਂ ਉਨ੍ਹਾਂ ਨੇ ਪੀੜਤ ਪਰਿਵਾਰ ਬਾਰੇ ਬੁਰਾ-ਭਲਾ ਕਿਹਾ। ਮੁਲਜ਼ਮ ਗੁਰਵਿੰਦਰ ਸਿੰਘ ਨੇ ਲੜਕੇ ਨੂੰ ਜ਼ਮੀਨ ’ਤੇ ਲਿਟਾ ਦਿੱਤਾ ਤੇ ਪੰਚਾਇਤ ਸਾਹਮਣੇ ਬੁਰੀ ਤਰ੍ਹਾਂ ਕੁੱਟਿਆ। ਪੰਚਾਇਤ ਤੇ ਪਿੰਡ ਦੇ ਲੋਕ ਸਾਰੀ ਘਟਨਾ ਦੇਖਦੇ ਰਹੇ। ਕਿਸੇ ਨੇ ਇਸ ਦਾ ਵਿਰੋਧ ਨਹੀ ੰਕੀਤਾ।
ਕੁੱਟਮਾਰ ਦੇ ਦੋਸ਼ ਬੇਬੁਨਿਆਦ ਹਨ : ਪੰਚਾਇਤ
ਪਿੰਡ ਦੀ ਸਰਪੰਚ ਰਾਜਵਿੰਦਰ ਕੌਰ ਤੇ ਪੰਚ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਚਾਇਤ ਮੀਟਿੰਗ ’ਚ ਲੜਕੇ ਨੂੰ ਕੁੱਟਣ ਦੇ ਦੋਸ਼ ਬੇਬੁਨਿਆਦ ਹਨ। ਇਹ ਲੜਕਾ ਪਹਿਲਾਂ ਵੀ ਤਿੰਨ ਵਾਰ ਚੋਰੀ ਕਰ ਚੁੱਕਾ ਹੈ। ਪਰ ਪੰਚਾਇਤ ਦੇ ਹੁਕਮਾਂ ’ਤੇ ਤਿੰਨੇ ਵਾਰ ਪੁਲਿਸ ਕੋਲ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ। ਲੜਕੇ ਨੇ ਘਟਨਾ ਵਾਲੀ ਰਾਤ ਨੂੰ ਵੀ ਚੋਰੀ ਕੀਤੀ ਸੀ। ਬਾਹਰੋਂ ਆਉਣ ਵਾਲੇ ਕੁਝ ਲੋਕ ਪਿੰਡ ਦਾ ਮਾਹੌਲ ਖਰਾਬ ਕਰ ਰਹੇ ਹਨ। ਪੰਚਾਇਤ ਨਹੀਂ ਚਾਹੁੰਦੀ ਕਿ ਕਿਸੇ ਬੱਚੇ ਵਿਰੁੱਧ ਕੇਸ ਦਰਜ ਕਰਕੇ ਉਸ ਨੂੰ ਜੇਲ੍ਹ ਭੇਜਿਆ ਜਾਵੇ, ਨਾ ਹੀ ਇਹ ਚਾਹੁੰਦੀ ਹੈ ਕਿ ਕੋਈ ਬੱਚਾ ਜੇਲ੍ਹ ਜਾਣ ਤੋਂ ਬਾਅਦ ਵੱਡਾ ਅਪਰਾਧੀ ਬਣ ਜਾਵੇ।