ਬਰਨਾਲਾ, 22 ਅਪ੍ਰੈਲ (ਬਘੇਲ ਸਿੰਘ ਧਾਲੀਵਾਲ)-ਬਰਨਾਲਾ ਅੰਦਰ ਆਮ ਆਦਮੀ ਪਾਰਟੀ ਅਤੇ ਮੈਂਬਰ ਪਾਰਲੀਮੈਂਟ ਮੀਤ ਹੇਅਰ ਨੂੰ ਝਟਕਾ ਦਿੰਦਿਆਂ ਇੱਕ ਮਹਿਲਾ ਆਗੂ ਮਲਕੀਤ ਕੌਰ ਸਹੋਤਾ ਨੇ ਮੁੜ ਕਾਂਗਰਸ ਦਾ ਪੰਜਾ ਚੁੰਮ ਲਿਆ ਹੈ। ਮਈ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਐਮ.ਪੀ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਸ਼ਹਿਣਾ ਪਿੰਡ ਦੀ ਜਿਸ ਮਹਿਲਾ ਕਾਂਗਰਸੀ ਆਗੂ ਬੀਬੀ ਨੂੰ ਝਾੜੂ ਫੜਾਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕੀਤਾ ਸੀ,ਉਹਨੇ ਅੱਜ ਮੁੜ ਆਪਣੀ ਪੁਰਾਣੀ ਕਾਂਗਰਸ ਪਾਰਟੀ ਨਾਲ ਹੱਥ ਮਿਲਾ ਲਿਆ ਹੈ। ਬੀਬੀ ਸਹੋਤਾ ਨੇ ਮਹਿਲਾ ਕਾਂਗਰਸ ਦੀ ਸੂਬਾ ਪ੍ਰਧਾਨ ਬੀਬੀ ਗੁਰਸ਼ਰਨ ਕੌਰ ਰੰਧਾਵਾ ਦੀ ਅਗਵਾਈ ਕਬੂਲਦਿਆਂ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਹੈ। ਜ਼ਿਕਰਯੋਗ ਹੈ ਕਿ ਸਾਲ 2013 ਦੀਆਂ ਬਲਾਕ ਸੰਮਤੀ ਚੋਣਾਂ ਲੜ ਚੁੱਕੀ ਸਾਬਕਾ ਜ਼ਿਲ੍ਹਾ ਪ੍ਰਧਾਨ ਮਹਿਲਾ ਕਾਂਗਰਸ ਬੀਬੀ ਮਲਕੀਤ ਕੌਰ ਸਹੋਤਾ ਜਦੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਈ ਸੀ ਤਾਂ ਉਸ ਵੇਲੇ ਭਦੌੜ ਹਲਕੇ ਦੀ ਆਪ ਲੀਡਰਸ਼ਿਪ ਨੂੰ ਅਣਗੌਲਿਆ ਕਰਕੇ ਬਰਨਾਲਾ ਹਲਕੇ ਦੀ ਆਪ ਲੀਡਰਸ਼ਿਪ ਨੇ ਇਸ ਜੁਆਇਨਿੰਗ ਨੂੰ ਕਾਫ਼ੀ ਪਰਚਾਰਿਆ ਸੀ। ਹੁਣ ਜਦੋਂ ਇੱਕ ਸਾਲ ਤੋਂ ਘੱਟ ਵਕਫੇ ਦੇ ਅੰਦਰ ਹੀ ਉਪਰੋਕਤ ਬੀਬੀ ਮਲਕੀਤ ਕੌਰ ਸਹੋਤਾ ਨੇ ਦੁਬਾਰਾ ਕਾਂਗਰਸ ਪਾਰਟੀ ਵਿੱਚ ਘਰ ਵਾਪਸੀ ਕਰ ਲਈ ਹੈ ਤਾਂ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਵੱਲ ਕਥਿਤ ਤੌਰ ਤੇ ਇਹ ਸਵਾਲ ਜ਼ਰੂਰ ਉਠਣੇ ਸ਼ੁਰੂ ਹੋ ਗਏ ਹਨ ਕਿ ਦੂਸਰੀਆਂ ਪਾਰਟੀਆਂ ਵਿਚੋਂ ਆਪ ਵਿੱਚ ਸ਼ਾਮਿਲ ਕੀਤੇ ਆਗੂਆਂ/ਵਰਕਰਾਂ ਨੂੰ ਉਹ ਸਾਂਭ ਕੇ ਰੱਖਣ ਵਿੱਚ ਕਾਮਯਾਬ ਕਿਉਂ ਨਹੀਂ ਹੋ ਸਕੇ। ਇਸ ਤੋਂ ਇਲਾਵਾ ਉਹਨਾਂ ਦਾ ਕਿਸੇ ਸਮੇਂ ਦਾ ਅਤਿ ਨਜ਼ਦੀਕੀ ਅਤੇ ਪਾਰਟੀ ਦਾ ਫਾਉਂਡਰ ਮੈਂਬਰ ਅਤੇ ਜ਼ਿਲ੍ਹਾ ਯੋਜਨਾ ਬੋਰਡ ਦਾ ਸਾਬਕਾ ਚੇਅਰਮੈਨ ਗੁਰਦੀਪ ਸਿੰਘ ਬਾਠ ਵੀ ਬਰਨਾਲਾ ਜ਼ਿਮਨੀ ਚੋਣ ਵਿੱਚ ਆਪ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਦੀ ਹਾਰ ਦਾ ਵੱਡਾ ਕਾਰਨ ਬਣਕੇ ਮੀਤ ਹੇਅਰ ਦੀ ਕਾਰਜਸ਼ੈਲੀ ਅਤੇ ਕਿਰਦਾਰ ਉੱਪਰ ਸਵਾਲ ਖੜ੍ਹੇ ਕਰ ਚੁੱਕਾ ਹੈ। ਗੱਲ ਜੇਕਰ ਅੱਜ ਦੇ ਘਟਨਾਕ੍ਰਮ ਦੀ ਕੀਤੀ ਜਾਵੇ ਤਾਂ ਉਪਰੋਕਤ ਬੀਬੀ ਮਲਕੀਤ ਕੌਰ ਸਹੋਤਾ ਦਾ ਜ਼ਿਲ੍ਹਾ ਬਰਨਾਲਾ ਦੇ ਹਲਕਾ ਭਦੌੜ ਵਿੱਚ ਪੈਂਦੇ ਇਸ ਵੱਡੇ ਪਿੰਡ ਅੰਦਰ ਕਾਫੀ ਸਤਿਕਾਰ ਦੱਸਿਆ ਜਾ ਰਿਹਾ ਹੈ। ਪਰ ਜਿਸ ਤਰ੍ਹਾਂ ਚੋਣਾਂ ਦੌਰਾਨ ਮੀਤ ਹੇਅਰ ਵੱਲੋਂ ਭਦੌੜ ਹਲਕੇ ਦੀ ਲੀਡਰਸ਼ਿਪ ਸਮੇਤ ਵਲੰਟੀਅਰਾਂ ਨੂੰ ਨਜ਼ਰਅੰਦਾਜ਼ ਕਰਕੇ ਉਕਤ ਬੀਬੀ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਦਾ ਢਿੰਡੋਰਾ ਪਿੱਟਿਆ ਗਿਆ ਸੀ,ਉਸਦੇ ਬਾਵਜੂਦ ਬੀਬੀ ਸਹੋਤਾ ਦਾ ਆਮ ਆਦਮੀ ਪਾਰਟੀ ਤੋ ਮਹਿਜ ਇਕ ਸਾਲ ਤੋਂ ਵੀ ਪਹਿਲਾਂ ਮੋਹ ਭੰਗ ਹੋਣਾ ਦਰਸਾਉਂਦਾ ਹੈ ਕਿ ਜਿੱਥੇ ਚੰਦ ਵੋਟਾਂ ਦੇ ਲਾਲਚ ਖਾਤਰ ਆਪਣੇ ਵਰਕਰਾਂ ਅਤੇ ਆਗੂਆਂ ਨੂੰ ਨਜ਼ਰਅੰਦਾਜ਼ ਕਰਕੇ ਦੂਜੀਆਂ ਪਾਰਟੀਆਂ ਵਿੱਚੋਂ ਲਿਆ ਕੇ ਸ਼ਾਮਲ ਕੀਤੇ ਆਗੂਆਂ ਨੂੰ ਟਕਸਾਲੀ ਵਲੰਟੀਅਰ ਪਸੰਦ ਨਹੀਂ ਕਰਦੇ,ਓਥੇ ਸ਼ਾਮਲ ਕਰਨ ਵਾਲੇ ਨੇਤਾਵਾਂ ਦਾ ਮਤਲਬ ਨਿਕਲਣ ਤੋਂ ਬਾਅਦ ਉਪਰੋਕਤ ਆਗੂਆਂ ਨੂੰ ਬਣਦਾ ਮਾਣ ਸਤਿਕਾਰ ਨਾ ਦੇਣਾ ਅਤੇ ਪੁੱਛ ਪ੍ਰਤੀਤ ਨਾ ਹੋਣ ਕਰਕੇ ਵੀ ਅਜਿਹੇ ਆਗੂ ਆਪਣੇ ਆਪ ਨੂੰ ਠੱਗੇ ਠੱਗੇ ਮਹਿਸੂਸ ਕਰਦੇ ਹਨ ਅਤੇ ਫਿਰ ਆਪਣੀ ਪੁਰਾਣੀ ਪਾਰਟੀ ਦੀ ਸ਼ਰਨ ਵਿੱਚ ਚੱਲੇ ਜਾਂਦੇ ਹਨ।ਸੋ ਅਜਿਹਾ ਹੀ ਮਾਮਲਾ ਬੀਬੀ ਸਹੋਤਾ ਦੇ ਮਾਮਲੇ ਵਿੱਚ ਵੀ ਸਾਹਮਣੇ ਆ ਰਿਹਾ ਹੈ।