ਤਰਨਤਾਰਨ : ਪਿੰਡ ਮਾਣਕਪੁਰਾ ’ਚੋਂ ਪਾਕਿਸਤਾਨ ਦੀਆਂ ਬਣੀਆਂ ਦਵਾਈਆਂ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਬਰਾਮਦਗੀ ਥਾਣਾ ਕੱਚਾ ਪੱਕਾ ਦੀ ਪੁਲਿਸ ਅਤੇ ਤਰਨਤਾਰਨ ਦੇ ਡਰੱਗ ਇੰਸਪੈਕਟਰ ਨੇ ਛਾਪੇਮਾਰੀ ਦੌਰਾਨ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਵਿਅਕਤੀ ਕੋਲੋਂ 10 ਕਿਸਮ ਦੀਆਂ ਇਹ ਦਵਾਈਆਂ ਬਰਾਮਦ ਹੋਈਆਂ, ਉਸ ਦਾ ਨਾ ਸਟੋਰ ਹੈ, ਨਾ ਮੈਡੀਕਲ ਸਟੋਰ ਦਾ ਲਾਇਸੰਸ ਅਤੇ ਨਾ ਹੀ ਦੂਜੇ ਦੇਸ਼ ’ਚੋਂ ਦਵਾਈਆਂ ਇੰਪੋਰਟ ਕਰਨ ਦਾ ਕੋਈ ਕਾਗਜ਼ਾਤ ਹੀ ਮੌਜੂਦ ਹੈ ਜਿਸ ਦੇ ਚੱਲਦਿਆਂ ਡਰੱਗ ਇੰਸਪੈਕਟਰ ਨੇ ਉਕਤ ਦਵਾਈਆਂ ਨੂੰ ਜ਼ਬਤ ਕਰਦਿਆਂ ਚਾਰ ਸੈਂਪਲ ਜਾਂਚ ਲਈ ਭੇਜ ਦਿੱਤੇ ਹਨ।
ਡਰੱਗ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਥਾਣਾ ਕੱਚਾ ਪੱਕਾ ਦੇ ਮੁਖੀ ਸਬ ਇੰਸਪੈਕਟਰ ਬਲਰਾਜ ਸਿੰਘ ਦੀ ਸੂਚਨਾ ਦੇ ਅਧਾਰ ’ਤੇ ਉਨ੍ਹਾਂ ਨੇ ਪੁਲਿਸ ਪਾਰਟੀ ਸਮੇਤ ਸਾਂਝੇ ਤੌਰ ’ਤੇ ਮਾਣਕਪੁਰਾ ਦੇ ਰਹਿਣ ਵਾਲੇ ਨਰਵੈਲ ਸਿੰਘ ਦੇ ਘਰ ਛਾਪੇਮਾਰੀ ਕੀਤੀ ਜਿਥੋਂ ਦਸ ਤਰ੍ਹਾਂ ਦੀਆਂ ਦਵਾਈਆਂ ਬਰਾਮਦ ਹੋਈਆਂ। ਹੈਰਾਨੀ ਤਾਂ ਉਦੋਂ ਹੋਈ ਜਦੋਂ ਉਕਤ ਦਵਾਈਆਂ ਮੇਡ ਇਨ ਪਾਕਿਸਤਾਨ ਦੀਆਂ ਨਿਕਲੀਆਂ। ਉਨ੍ਹਾਂ ਦੱਸਿਆ ਕਿ ਦਸ ਕਿਸਮ ਦੀਆਂ ਇਨ੍ਹਾਂ ਦਵਾਈਆਂ ਉੱਪਰ ਉਰਦੂ ਵਿਚ ਨਾਮ ਅਤੇ ਪਾਕਿਸਤਾਨੀ ਕਰੰਸੀ ਮੁਤਾਬਕ ਹੀ ਕੀਮਤ ਵੀ ਲਿਖੀ ਹੋਈ ਸੀ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਨਿਰਵੈਲ ਸਿੰਘ ਉਕਤ ਦਵਾਈਆਂ ਬਾਰੇ ਕੋਈ ਬਿੱਲ, ਦੂਜੇ ਦੇਸ਼ ’ਚੋਂ ਦਵਾਈ ਮੰਗਵਾਉਣ ਬਾਰੇ ਕਾਗਜ਼ਾਤ ਨਹੀਂ ਦਿਖਾ ਸਕਿਆ ਜਦੋਂਕਿ ਦਵਾਈਆਂ ਰੱਖਣ ਲਈ ਉਸ ਕੋਲ ਕੋਈ ਮੈਡੀਕਲ ਸਟੋਰ ਜਾਂ ਸਟੋਰ ਦਾ ਲਾਇਸੰਸ ਵੀ ਨਹੀਂ ਸੀ। ਹਾਲਾਂਕਿ ਨਿਰਵੈਲ ਸਿੰਘ ਨੇ ਉਕਤ ਦਵਾਈਆਂ ਕਬੂਤਰਾਂ ਨੂੰ ਦੇਣ ਲਈ ਵਰਤੇ ਜਾਣ ਦੀ ਗੱਲ ਕਹੀ ਪਰ ਦਵਾਈਆਂ ਦੀਆਂ ਡੱਬੀਆਂ ’ਤੇ ਕਿਤੇ ਵੀ ਵੈਟਰਨਰੀ ਵਰਤੋਂ ਨਹੀਂ ਲਿਖਿਆ ਹੋਇਆ।
ਡਰੱਗ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਕਤ ਦਵਾਈਆਂ ਵਿੱਚੋਂ ਚਾਰ ਸੈਂਪਲ ਲੈ ਕੇ ਲੈਬਾਰਟਰੀ ਜਾਂਚ ਲਈ ਭੇਜੇ ਗਏ ਹਨ। ਜਦੋਂਕਿ ਨਿਰਵੈਲ ਸਿੰਘ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਜਾ ਰਿਹਾ ਹੈ। ਜੇ ਉਹ ਕੋਈ ਕਾਗਜਾਤ ਪੇਸ਼ ਨਹੀਂ ਕਰ ਪਾਉਂਦੇ ਤਾਂ ਡਰੱਗ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਵਾਇਆ ਜਾਵੇਗਾ। ਦੂਜੇ ਪਾਸੇ ਸਰਹੱਦੀ ਕਸਬਾ ਭਿੱਖੀਵਿੰਡ ਤੋਂ ਕੁਝ ਦੂਰੀ ’ਤੇ ਪੈਂਦੇ ਪਿੰਡ ਵਿੱਚੋਂ ਪਾਕਿਸਤਾਨ ਦੀਆਂ ਬਣੀਆਂ ਦਵਾਈਆਂ ਬਰਾਮਦ ਹੋਣ ਦਾ ਇਹ ਪਹਿਲਾ ਮਾਮਲਾ ਮੰਨਿਆ ਜਾ ਰਿਹਾ ਹੈ।