ਰੁੱਖ ਲਗਾਈਏ ਅਤੇ ਬਚਾਈਏ, ਕੁਦਰਤ ਪ੍ਰਤੀ ਆਪਣਾ ਫਰਜ਼ ਨਿਭਾਈਏ --ਸੁਖਜੀਤ ਸਿੰਘ ਬੀਰੋਕੇ ਕਲਾਂ
ਮਾਨਸਾ (ਤਰਸੇਮ ਸਿੰਘ ਫਰੰਡ) ਰਾਉਂਡ ਗਲਾਸ ਫਾਊਂਡੇਸ਼ਨ ਮੋਹਾਲੀ ਦੇ ਮਾਲਵਾ ਕੁਆਡੀਨੇਟਰ ਸੁਖਜੀਤ ਸਿੰਘ ਬੀਰੋਕੇ ਕਲਾਂ ਨੇ ਰੁੱਖਾਂ ਦੀ ਹੋ ਰਹੀ ਅੰਧਾਂ-ਧੁੰਦ ਕਟਾਈ ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਜੇਕਰ ਆਪਾਂ ਇੱਕ ਰੁੱਖ ਨੂੰ ਕੱਟਣ ਦਾ ਅਧਿਕਾਰ ਰੱਖਦੇ ਹਾਂ ਤਾਂ ਨਵੇਂ ਪੌਦੇ ਲਗਾਉਣਾ ਵੀ ਸਾਡਾ ਫਰਜ਼ ਹੈ। ਕਿਉਂਕਿ ਦਰੱਖਤ ਸਾਨੂੰ ਆਕਸੀਜਨ, ਫ਼ਲ, ਫੁੱਲ ਛਾਂ , ਦਵਾਈਆਂ ਆਦਿ ਬਹੁਤ ਸਾਰੀਆਂ ਨਿਆਮਤਾਂ ਸਾਨੂੰ ਮੁਫ਼ਤ ਵਿੱਚ ਦਿੰਦੇ ਹਨ ਜਿਨ੍ਹਾਂ ਨੂੰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸੰਭਾਲਨਾ ਸਾਡੀ ਜਿਮੇਵਾਰੀ ਹੈ।ਸਰਦਾਰ ਸੁਖਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਉਂਡ ਗਲਾਸ ਫਾਊਂਡੇਸ਼ਨ ਮੋਹਾਲੀ ਹੁਣ ਤੱਕ ਸਾਢੇ ਸੱਤ ਲੱਖ ਪੌਦੇ ਲਗਾ ਚੁੱਕੀ ਹੈ ਅਤੇ ਉਹਨਾਂ ਦੀ ਸੰਭਾਲ ਵੀ ਕਰ ਰਹੀ ਹੈ। ਅੱਜ ਉਨ੍ਹਾਂ ਪਿੰਡ ਨੰਗਲ ਖੁਰਦ ਮਾਨਸਾ ਵਿਖੇ ਸਾਢੇ ਚਾਰ ਏਕੜ ਵਿੱਚ ਲੱਗੇ ਪੌਦਿਆਂ ਦੇ ਸਰਵੇਖਣ ਸਮੇਂ ਕਿਹਾ ਕਿ ਪੌਦੇ ਬੱਚਿਆਂ ਦੀ ਤਰ੍ਹਾਂ ਹੁੰਦੇ ਹਨ ਜਿਨ੍ਹਾਂ ਨੂੰ ਇਨਸਾਨ ਦੇ ਸਹਾਰੇ ਦੀ ਲੋੜ ਹੁੰਦੀ ਹੈ। ਸੁਖਜੀਤ ਸਿੰਘ ਨੇ ਜ਼ਿਲ੍ਹਾ ਪ੍ਰਸਾਸ਼ਨ , ਮਾਨਯੋਗ ਡਿਪਟੀ ਕਮਿਸ਼ਨਰ , ਸਹਾਇਕ ਡਿਪਟੀ ਕਮਿਸ਼ਨਰ ਵਿਕਾਸ ,ਪੰਚਾਇਤ ਵਿਭਾਗ ਅਤੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਪੰਜਾਬ ਦਾ ਸਪੈਸ਼ਲ ਧੰਨਵਾਦ ਕਰਦਿਆਂ ਕਿਹਾ ਕਿ ਪੌਦੇ ਲਗਾਉਣ ਵਿੱਚ ਯੁਵਕ ਸੇਵਾਵਾਂ ਵਿਭਾਗ, ਕਲੱਬਾਂ, ਮਨਰੇਗਾ ਅਤੇ ਪੰਚਾਇਤਾਂ ਸਾਡੀ ਸੰਸਥਾ ਨੂੰ ਪੂਰਨ ਸਹਿਯੋਗ ਦੇ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਸੰਸਥਾ ਸਾਡੇ ਨਾਲ ਮਿਲ ਕੇ ਪੌਦੇ ਲਗਾਉਣਾ ਚਾਹੁੰਦੀ ਹੈ ਤਾਂ ਅਸੀਂ ਉਸ ਦਾ ਪੂਰਨ ਸਹਿਯੋਗ ਕਰਾਂਗੇ, ਫੋਕੀ ਵਾਹ ਵਾਹ ਖੱਟਣ ਵਾਲਿਆ ਅਤੇ ਅਖਬਾਰੀ ਫੋਟੋਆਂ ਲਈ ਪੌਦੇ ਲਗਾਉਣ ਵਾਲਿਆਂ ਲਈ ਸਾਡੀ ਸੰਸਥਾ ਵਿੱਚ ਕੋਈ ਜਗ੍ਹਾ ਨਹੀਂ ਹੈ ਕਿਉਂਕਿ ਸਾਡੀ ਸੰਸਥਾ ਸੱਚੇ ਦਿਲੋਂ ਕੁਦਰਤ ਨੂੰ ਸਮਰਪਿਤ ਹੈ। ਇਸ ਸਮੇਂ ਦੀਦਾਰ ਮਾਨ ਭੈਣੀ ਬਾਘਾ, ਸੁਰਜੀਤ ਸਿੰਘ ਮਾਖਾ, ਨਿਰਮਲ ਮੌਜੀਆ, ਬਲਜੀਤ ਕੌਰ ਨੰਗਲ ਖੁਰਦ, ਸੁਨੀਤਾ ਰਾਣੀ, ਵੀਰਪਾਲ ਕੌਰ ਜਸਵੀਰ ਕੌਰ ,ਪਿਆਰਾ ਸਿੰਘ, ਮੁਕੰਦ ਸਿੰਘ ਵੀ ਹਾਜ਼ਰ ਸਨ।