ਕਾਦੀਆਂ (ਗੁਰਦਾਸਪੁਰ) : ਪਹਿਲਗਾਮ ਵਿਚ ਸੈਲਾਨੀਆਂ ’ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਪੈਦਾ ਹੋਏ ਤਣਾਅ ਦੇ ਮੱਦੇਨਜ਼ਰ ਭਾਰਤ ਵਿਚ ਵਿਆਹ ਕਰ ਚੁੱਕੀਆਂ ਜਾਂ ਵੀਜ਼ਾ ਪਾਬੰਦੀਆਂ ਕਾਰਨ ਉੱਥੇ ਫਸੀਆਂ ਪਾਕਿਸਤਾਨੀ ਔਰਤਾਂ ਹੁਣ ਵਾਪਸੀ ਦੀ ਉਡੀਕ ਕਰ ਰਹੀਆਂ ਹਨ। ਭਾਰਤ ਸਰਕਾਰ ਵੱਲੋਂ ਨੋ ਅਬਜੈਕਸ਼ਨ ਟੂ ਰਿਟਰਨ ਟੂ ਇੰਡੀਆ (ਨੋਰੀ ਵੀਜ਼ਾ) ਉਨ੍ਹਾਂ ਪਾਕਿਸਤਾਨੀ ਨਾਗਰਿਕਾਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਦਾ ਵਿਆਹ ਭਾਰਤ ਵਿਚ ਹੋਇਆ ਹੈ ਅਤੇ ਜਿਨ੍ਹਾਂ ਨੂੰ ਆਪਣੇ ਵਿਆਹ ਜਾਂ ਪਾਸਪੋਰਟ ਸੰਬੰਧੀ ਦਸਤਾਵੇਜ਼ ਬਣਵਾਉਣ ਲਈ ਪਾਕਿਸਤਾਨ ਜਾਣਾ ਪੈਂਦਾ ਹੈ। ਉਨ੍ਹਾਂ ਪਾਕਿਸਤਾਨੀ ਵਿਆਹੁਤਾ ਔਰਤਾਂ ਨੂੰ ਪਾਕਿਸਤਾਨ ਜਾਣ ਤੋਂ ਪਹਿਲਾਂ ਭਾਰਤ ਵਾਪਸ ਆਉਣ ਲਈ ਵੀਜ਼ਾ ਜਾਰੀ ਕੀਤਾ ਜਾਂਦਾ ਹੈ, ਤਾਂ ਜੋ ਉਹ ਆਸਾਨੀ ਨਾਲ ਆਪਣੇ ਪਰਿਵਾਰ ਨੂੰ ਮਿਲ ਸਕਣ। ਉਨ੍ਹਾਂ ਨੂੰ ਭਾਰਤ ਵਿਚ ਰਹਿਣ ਲਈ ਲਾਂਗ ਟਰਮ ਵੀਜ਼ਾ (ਐੱਲਟੀਵੀ) ਦਿੱਤਾ ਜਾਂਦਾ ਹੈ।ਪਿਛਲੇ ਦਿਨੀਂ ਮੁਖਤਾਰ ਅਹਿਮਦ ਦੀ ਪਤਨੀ ਆਸਿਫਾ ਆਪਣੇ ਪਤੀ ਨਾਲ ਪਾਕਿਸਤਾਨ ਗਈ ਸੀ। ਉਸ ਨੂੰ ਆਪਣਾ ਪਾਸਪੋਰਟ ਰੀਨਿਊ ਕਰਵਾਉਣਾ ਸੀ ਕਿਉਂਕਿ ਭਾਰਤ ਸਥਿਤ ਪਾਕਿਸਤਾਨੀ ਦੂਤਾਵਾਸ ਪਾਕਿਸਤਾਨੀ ਪਾਸਪੋਰਟ ਨੂੰ ਇਕ ਸਾਲ ਲਈ ਰੀਨਿਊ ਕਰਦਾ ਹੈ, ਜਦਕਿ ਪਾਕਿਸਤਾਨ ਜਾਣ ਤੋਂ ਬਾਅਦ ਪਾਸਪੋਰਟ ਦਸ ਸਾਲ ਲਈ ਰੀਨਿਊ ਹੋ ਜਾਂਦਾ ਹੈ। ਇਸੇ ਤਰ੍ਹਾਂ ਅਮਤੁਲ ਬਾਸਿਤ ਵੀ ਕਾਦੀਆਂ ਤੋਂ ਆਪਣੇ ਮਾਤਾ-ਪਿਤਾ ਕੋਲ ਪਾਕਿਸਤਾਨ ਗਈ ਸੀ ਅਤੇ ਪਾਸਪੋਰਟ ਨਵੀਨੀਕਰਨ ਲਈ ਜਮ੍ਹਾਂ ਕਰਵਾ ਦਿੱਤਾ।
ਅਮਤੁਲ ਬਾਸਿਤ ਨੂੰ ਪਾਕ ਅਧਿਕਾਰੀਆਂ ਨੇ ਵਾਹਗਾ ਤੋਂ ਵਾਪਸ ਭੇਜਿਆ
ਅਮਤੁਲ ਬਾਸਿਤ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧਦੇ ਤਣਾਅ ਨੂੰ ਧਿਆਨ ਵਿਚ ਰੱਖਦੇ ਹੋਏ ਵੀਰਵਾਰ ਨੂੰ ਪਾਕਿਸਤਾਨ ਸਰਕਾਰ ਨੇ ਉਸ ਦੇ ਪਾਕਿਸਤਾਨੀ ਪਾਸਪੋਰਟ ਨੂੰ ਤੁਰੰਤ ਨਵੀਨੀਕਿ੍ਤ ਕਰ ਦਿੱਤਾ। ਸ਼ਨਿਚਰਵਾਰ ਨੂੰ ਜਦੋਂ ਉਹ ਭਾਰਤ ਵਾਪਸ ਆਉਣ ਲਈ ਵਾਹਗਾ ਬਾਰਡਰ ’ਤੇ ਪਹੁੰਚੀ ਤਾਂ ਪਾਕਿਸਤਾਨੀ ਅਧਿਕਾਰੀਆਂ ਨੇ ਕਿਹਾ ਕਿ ਸਿਰਫ ਭਾਰਤੀ ਪਾਸਪੋਰਟ ਧਾਰਕ ਹੀ ਭਾਰਤ ਵਾਪਸ ਆ ਸਕਦੇ ਹਨ। ਤੁਸੀਂ ਪਾਕਿਸਤਾਨੀ ਪਾਸਪੋਰਟ ਧਾਰਕ ਹੋ, ਇਸ ਲਈ ਭਾਰਤ ਨਹੀਂ ਜਾ ਸਕਦੇ। ਇਹਨਾਂ ਸਭ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਪਾਕਿਸਤਾਨੀ ਪਰਵਾਸੀਆਂ ਨੂੰ ਤੁਰੰਤ ਭਾਰਤ ਵਾਪਸ ਆਉਣ ਦੀ ਇਜਾਜ਼ਤ ਦੇਣ, ਜੋ ਵੀਜ਼ਾ ਧਾਰਕ ਨਹੀਂ ਹਨ।
ਸਮਾਜਿਕ ਕਾਰਕੁਨਾਂ ਨੇ ਗ੍ਰਹਿ ਮੰਤਰੀ ਨੂੰ ਕੀਤੀ ਅਪੀਲ
ਕੁਝ ਸਮਾਜਿਕ ਕਾਰਕੁਨਾਂ ਨੇ ਪਾਕਿਸਤਾਨੀ ਪਰਵਾਸੀਆਂ ਦੀ ਵਾਪਸੀ ਲਈ ਈਮੇਲ ਕਰਕੇ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਭਾਰਤ ਸਰਕਾਰ ਨੂੰ ਮਨੁੱਖਤਾ ਦੇ ਆਧਾਰ ’ਤੇ ਅਜਿਹੇ ਮਾਮਲਿਆਂ ’ਤੇ ਵਿਚਾਰ ਕਰਨਾ ਚਾਹੀਦਾ ਹੈ ਅਤੇ ਤੁਰੰਤ ਉਨ੍ਹਾਂ ਦੀ ਭਾਰਤ ਵਾਪਸੀ ਲਈ ਨੋਟੀਫਿਕੇਸ਼ਨ ਜਾਰੀ ਕਰਨਾ ਚਾਹੀਦਾ ਹੈ। ਯਾਦ ਰਹੇ ਕਿ ਕੋਵਿਡ ਕਾਲ ਦੌਰਾਨ ਕਈ ਪਾਕਿਸਤਾਨੀ ਪਰਵਾਸੀ ਪਾਕਿਸਤਾਨ ਵਿਚ ਫਸ ਗਏ ਸਨ ਅਤੇ ਉਨ੍ਹਾਂ ਨੂੰ ਇਕ ਵਿਸ਼ੇਸ਼ ਨੋਟੀਫਿਕੇਸ਼ਨ ਜ਼ਰੀਏ ਭਾਰਤ ਵਾਪਸ ਆਉਣ ਵਿਚ ਸੱਤ ਮਹੀਨੇ ਲੱਗੇ ਸਨ।