ਲੁਧਿਆਣਾ : ਹੰਬੜਾ ਰੋਡ 'ਤੇ ਵਾਪਰੇ ਇੱਕ ਹਾਦਸੇ ਦੌਰਾਨ ਕੰਸਟ੍ਰਕਸ਼ਨ ਦਾ ਕੰਮ ਕਰਨ ਵਾਲੇ ਇਕ ਠੇਕੇਦਾਰ ਦੀ ਮੌਤ ਹੋ ਗਈ। ਥਾਣਾ ਲਾਡੋਵਾਲ ਦੀ ਪੁਲਿਸ ਦੇ ਮੁਤਾਬਕ ਮ੍ਰਿਤਕ ਦੀ ਪਛਾਣ ਮੁਜੱਫਰਪੁਰ ਬਿਹਾਰ ਦੇ ਰਹਿਣ ਵਾਲੇ ਮਿੰਟੂ ਠੇਕੇਦਾਰ ਵਜੋਂ ਹੋਈ ਹੈ। ਇਸ ਮਾਮਲੇ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਮਿੰਟੂ ਦੇ ਭਰਾ ਪਿੰਟੂ ਰਾਏ ਨੇ ਦੱਸਿਆ ਕਿ ਉਸ ਦਾ ਭਰਾ ਆਪਣੇ ਸਾਥੀ ਠੇਕੇਦਾਰ ਮੁਰਾਰੀ ਨਾਲ ਪੈਸਿਆਂ ਦਾ ਹਿਸਾਬ ਕਰਨ ਜਾ ਰਿਹਾ ਸੀ। ਪੈਦਲ ਜਾ ਰਿਹਾ ਮਿੰਟੂ ਜਿਵੇਂ ਹੀ ਕਾਕਾ ਹਰੀ ਰਾਮ ਫੈਕਟਰੀ ਪਿੰਡ ਹੰਬੜਾ ਨੇੜੇ ਤਾਂ ਉਥੋਂ ਲੰਘ ਰਹੇ ਇੱਕ ਤੇਜ਼ ਰਫ਼ਤਾਰ ਮੋਟਰਸਾਈਕਲ ਨੇ ਉਸਨੂੰ ਟੱਕਰ ਮਾਰ ਦਿੱਤੀ। ਚਾਲਕ ਮੋਟਰਸਾਈਕਲ ਬੜੀ ਹੀ ਤੇਜ਼ ਰਫਤਾਰੀ ਅਤੇ ਲਾਪਰਵਾਹੀ ਨਾਲ ਚਲਾ ਰਿਹਾ ਸੀ। ਹਾਦਸਾ ਇਸ ਕਦਰ ਭਿਆਨਕ ਸੀ ਕਿ ਮਿੰਟੂ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। ਐਕਸੀਡੈਂਟ ਤੋਂ ਬਾਅਦ ਸੰਗਰੂਰ ਦਾ ਰਹਿਣ ਵਾਲਾ ਮੋਟਰਸਾਈਕਲ ਚਾਲਕ ਗੁਰਬਾਜ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਸੂਚਨਾ ਤੋਂ ਬਾਅਦ ਮੌਕੇ ਤੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਮਿੰਟੂ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਇਸ ਮਾਮਲੇ ਵਿੱਚ ਪਿੰਟੂ ਰਾਏ ਦੀ ਸ਼ਿਕਾਇਤ 'ਤੇ ਸੰਗਰੂਰ ਦੇ ਵਾਸੀ ਗੁਰਬਾਜ ਸਿੰਘ ਖਿਲਾਫ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।