ਭੈਣ ਦਾ ਖ਼ਤ
ਪਿਆਰੇ ਵੀਰ! ਦਿਲ ਤਾਂ ਨਹੀਂ ਸੀ ਚਾਹੁੰਦਾ ,
ਕਿ ਅਜਿਹਾ ਕੁਝ ਵੀ ਲਿਖਾਂ
ਜਿਸ ਨੂੰ ਪੜ੍ਹ ਕੇ ਹੋ ਜਾਵੇ ਤੇਰੀ ਆਤਮਾ ਛਲਣੀ
ਅਤੇ ਬੇਬੇ ਬਾਪੂ ਦੇ ਮਨ ਵਿੱਚ ਬਲਣ ਲੱਗ ਪਵੇ
ਹਜ਼ਾਰਾਂ ਸੰਸਿਆਂ ਦਾ ਸੇਕ
ਮੇੈਨੁੂੰ ਡੋਲੀ 'ਚ ਬਿਠਾ ਕੇ ਜਿਸ ਤੋਂ ਉਹ ਬੜੀ
ਮੁਸ਼ਕਿਲ ਨਾਲ ਹੋਏ ਸੀ ਸੁਰਖ਼ੁਰੁੂ
ਵੀਰੇ! ਮੈਂ ਭੁੱਲ ਨਹੀਂ ਸਕਦੀ ਕਿ ਕਿਵੇਂ ਬਾਪੂ ਨੇ
ਦੋ ਕਿੱਲੇ ਗਹਿਣੇ ਧਰ ਮੇਰੇ ਸਹੁਰਿਆਂ ਦੀ ਖੁਸ਼ੀ
ਲਈ ਦਾਜ 'ਚ ਦੇ ਦਿੱਤੇ ਸੀ ਵੱਢ ਕੇ ਆਪਣੇ ਹੱਥ
ਅਤੇ ਮੈਨੂੰ ਤੋਰਨ ਲੱਗਿਆਂ ਮੇਰੇ ਸਿਰ 'ਤੇ ਹੱਥ ਰਖਦੇ
ਉਸ ਦੀਆਂ ਅੱਖਾਂ 'ਚ ਉੱਤਰ ਆਇਆ ਸੀ
ਕਿਵੇਂ ਹੰਝੂਆਂ ਦਾ ਜਵਾਲਾਮੁਖੀ
ਹੁਣ ਮੈਂ ਕਿੰਝ ਆਖਾਂ ਕਿ ਮੇਰੇ ਸਹੁਰੇ
ਵਧਾ ਰਹੇ ਨੇ ਮੇਰੇ ਸੰਹੇਂਦੜ ਦੀ ਕੀਮਤ ।
ਜਿਸ ਨੇ ਮੇਰੇ ਨਾਲ ਵਿਆਹ ਨਹੀਂ ਵਪਾਰ ਕੀਤਾ ਸੀ,
ਹੁਣ ਮੈਂ ਅਕਸਰ ਸੋਚਦੀ ਹਾਂ ਕਿ ਮੈਂ
ਉਹ ਬੋਲੀ ਕਿਉਂ ਪਾਉਂਦੀ ਹੁੰਦੀ ਸੀ
"ਕਿ ਉਹ ਘਰ ਟੋਲੀਂ ਬਾਬਲਾ ਜਿੱਥੇ ਲਿੱਪਣੇ ਨਾਂ ਪੈਣ ਬਨੇਰੇ"
ਹੁਣ ਮੈਂ ਅਕਸਰ ਸੋਚਦੀ ਹਾਂ ਕਿ ਚੰਗਾ ਸੀ
ਜੇ ਬਾਪੂ ਮੇਰੇ ਲਈ ਅਜਿਹਾ ਵਰ ਟੋਲਦਾ
ਜਿੱਥੇ ਭਾਵੇਂ ਬਨੇਰੇ ਹੀ ਲਿਪਣੇ ਪੈਂਦੇ
ਪਰ ਮੇਰੇ ਸਿਰ ਦਾ ਸਾਈਂ ਵਿਕਾਉੂ ਨਾਂ ਹੁੰਦਾ
ਊਹ ਇੱਕ ਸੱਚਾ ਸੁੱਚਾ ਇਨਸਾਨ ਹੀ ਹੁੰਦਾ ਸਿਰਫ਼
ਜਿਸ ਨਾਲ ਰੁੱਖੀ ਮਿੱਸੀ ਖਾ ਕੇ
ਮੈਂ ਕੁੱਲੀ ਨੂੰ ਹੀ ਸਵਰਗ ਬਣਾ ਲੈਂਦੀ
ਵੀਰੇ! ਮੈਂ ਅਜਿਹਾ ਬੜਾ ਕੁਝ ਸੋਚਦੀ ਸੋਚਦੀ
ਕੁੜੀ ਤੋਂ ਬੁੜੀ ਹੋ ਗਈ ਹਾਂ
ਕਤਲ ਹੋ ਗੲੇ ਮੇਰੇ ਉਹ ਸਭ ਸੁਪਨੇ ਉਹ ਚਾਅ
ਜੋ ਮੈਂ ਇਸ ਉਮਰ 'ਚ ਹੰਢਾਉਂਣੇ ਸਨ
ਹੁਣ ਨਾਂ ਤਾਂ ਖੁਸ਼ੀ ਹੁੰਦੀ ਹੈ ਨਾਂ ਗਮੀ
ਪੱਥਰ ਜਿਹੀ ਹੋਈ ਲਈ ਫਿਰਦੀ ਹਾਂ
ਆਪਣੇ ਸਰੀਰ ਦਾ ਕੁਲਬੁੂਤ
ਹੰਝੂ ਜਿਵੇਂ ਪਲਕਾਂ ਤੇ ਆਉਣ ਤੋਂ ਪਹਿਲਾਂ ਹੀ
ਹੋ ਜਾਂਦੇ ਨੇ ਭਸਮ
ਹੱਸਣਾ ਤਾਂ ਜਿਵੇਂ ਭੁੱਲ ਹੀ ਗਈ ਹਾਂ
ਹੁਣ ਤਾਂ ਜਿੰਦਗੀ ਦੇ ਚੱਕਰਵਿਉੂ ,ਚ ਘਿਰੀ
ਹਲਾਤਾਂ ਦੇ ਥੱਪੜ ਜਰਦੀ
ਡੱਗਮਗਾਉਂਦੀ ਕਿਸ਼ਤੀ ਦੀ ਤਰਾਂ ਤਰ ਰਹੀ ਹਾਂ
ਵਕਤ ਦਾ ਸਾਗਰ
ਕਿ ਮਿਲ ਜਾਵੇ ਕੋਈ ਕਿਨਾਰਾ ਪਰ ਸ਼ਾਇਦ ।
ਡੁੱਬੇ ਤੋਂ ਬਿਨਾਂ ਬਹੁਤ ਮੁਸ਼ਕਿਲ ਹੈ ਕਿਨਾਰੇ ਦਾ ਮਿਲਣਾ
ਪਿਆਰੇ ਵੀਰੇ ! ਉਂਜ ਦਿਲ ਤਾਂ ਨਹੀਂ ਸੀ ਚਾਹੁੰਦਾ ...।
ਲੇਖਕ- ਜਸਪਾਲ ਕੌਰੇਆਣਾ
ਪਰਿੰਦਾ ਰੋਡ, ਗਲੀ ਨੰ:20,