ਖ਼ੁਦ ਦੇ ਦੁਖੜੇ ਖ਼ੁਦ ਦੇ ਕੋਲ਼ੇ ਫੋਲਿਆ ਕਰ।
ਹਰ ਕਿਸੇ ਦੇ ਕੋਲ਼ ਦਿਲ ਨਾ ਖੋਲ੍ਹਿਆ ਕਰ।
ਹਰ ਮੁਸੀਬਤ ਨੂੰ ਵਿਖਾ ਦੇ ਹੱਸ ਕੇ ਤੂੰ
ਮਾੜੀ ਮੋਟੀ ਗੱਲ ਤੇ ਨਾ ਡੋਲਿਆ ਕਰ।
ਸਭ ਦਾ ਏਥੇ ਵੱਖੋ ਵੱਖਰਾ ਰੇਟ ਹੈ ਸੋ
ਸਭ ਨੂੰ ਇੱਕੋ ਭਾਅ ਹੀ ਨਾ ਤੂੰ ਤੋਲਿਆ ਕਰ।
ਅਪਣਿਆਂ ਦੇ ਭੇਸ ਅੰਦਰ ਗ਼ੈਰ ਫਿਰਦੇ
ਹਰ ਕਿਸੇ ਨੂੰ ਨਾ ਤੂੰ ਬੂਹਾ ਖੋਲ੍ਹਿਆ ਕਰ।
ਤੂੰ ਸਿਆਸਤ ਵਿੱਚ ਜੇਕਰ ਦੂਰ ਜਾਣਾ
ਖੰਡ ਵਰਗਾ ਮਿੱਠਾ-ਮਿੱਠਾ ਬੋਲਿਆ ਕਰ।
ਤੇਰੇ ਤੇ ਵੀ ਪੈਰ ਕੋਈ ਧਰ ਦਵੇਗਾ
ਹਰ ਕਿਸੇ ਨੂੰ ਪੈਰਾਂ ਵਿੱਚ ਨਾ ਰੋਲਿਆ ਕਰ।
ਜਦ ਖੁਸ਼ੀ ਦਾ ਰੰਗ ਖਿੜ-ਖਿੜ ਕੇ ਪਵੇ ਤਦ
ਤੂੰ ਗਮਾਂ ਦਾ ਰੰਗ ਵਿਚ ਨਾ ਘੋਲਿਆ ਕਰ।
ਹਰਦੀਪ ਬਿਰਦੀ