ਨਾਨਕ ਪਿਆਰਾ
"ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਵਿਸ਼ੇਸ਼"
ਤ੍ਰਿਪਤਾ ਦੇ ਘਰ ਨਾਨਕ ਪਿਆਰਾ, ਦਰਗਾਹੋਂ ਚਲ ਆਇਆ ਏ
ਨਨਕਾਣੇ ਸੰਗ ਜਿਸ ਨੇ ਸਾਰੀ, ਦੁਨੀਆਂ ਨੂੰ ਰੁਸ਼ਨਾਇਆ ਏ
ਮਹਿਤਾ ਕਾਲੂ ਦੇ ਘਰ ਸੋਹਣਾ
ਅਰਸ਼ੋਂ ਚੱਲ ਆਇਆ ਮਨਮੋਹਣਾ
ਸ਼ਾਹੂਕਾਰ ਬੁਲਾਰ ਵੀ ਆ ਕੇ, ਚਰਨੀਂ ਸੀਸ ਨਿਵਾਇਆ ਏ
ਨਨਕਾਣੇ ਸੰਗ...
ਮੁੱਖੜੇ ਉੱਤੇ ਨੂਰ ਇਲਾਹੀ
ਜੱਗ ਤੇ ਆਇਆ ਜੱਗ ਦਾ ਮਾਹੀ
ਭੈਣ ਨਾਨਕੀ ਮੱਥਾ ਚੁੰਮਕੇ, ਸੀਨੇ ਨਾਲ ਲਗਾਇਆ ਏ
ਨਨਕਾਣੇ ਸੰਗ...
ਪਹਿਲੇ ਦਰਸ਼ਨ ਦੌਲਤਾਂ ਕੀਤੇ
ਰਹਿ ਗਏ ਹੋਂਠ ਸੀਤੇ ਦੇ ਸੀਤੇ
ਲਾਲ ਚਮਕਦਾ ਜਿਉਂ ਚੰਦਰਮਾ, ਉਸਨੇ ਸ਼ੋਰ ਮਚਾਇਆ ਏ
ਨਨਕਾਣੇ ਸੰਗ...
ਲੋਕੀਂ ਆ ਆ ਦੇਣ ਵਧਾਈਆਂ
ਚਾਰੇ ਪਾਸੇ ਖੁਸ਼ੀਆਂ ਛਾਈਆਂ
ਸਲੇਮਪੁਰੇ ਦੇ 'ਲੱਖੇ' ਨੇ ਵੀ, ਦਿਲ ਦੇ ਵਿੱਚ ਵਸਾਇਆ ਏ
ਨਨਕਾਣੇ ਸੰਗ....
ਲਖਵਿੰਦਰ ਸਿੰਘ ਲੱਖਾ ਸਲੇਮਪੁਰੀ