ਸਾਡਾ ਤੋਤਾ* (ਬਾਲ ਕਵਿਤਾ)
ਸਾਡਾ ਤੋਤਾ ਹਰ ਵੇਲੇ ਹੀ, ਪਿਆਰ ਟੋਲਦਾ ਹੈ।
ਰਾਮ ਵਾਹਿਗੁਰੂ ਬੋਲੋ ਜੇ, ਤਾਂ ਨਾਲ ਬੋਲਦਾ ਹੈ।
ਰਲ ਕੇ ਸਾਰੇ ਅਸੀਂ ਓਸ ਨਾਲ ਗੱਲਾਂ ਕਰਦੇ ਹਾਂ।
ਰੱਖ ਤਲੀ ਤੇ ਸ਼ੈਅ ਕੋਈ ਉਸਦੇ ਅੱਗੇ ਧਰਦੇ ਹਾਂ।
ਦੰਦੀ ਨਾ ਉਹ ਵੱਢਦਾ ਪਰ ਚੁੱਕ ਕੇ ਖਾ ਜਾਂਦਾ ਏ।
ਫੇਰ ਖੁਸ਼ੀ ਵਿੱਚ ਆ ਕੇ ਸੋਹਣੇ ਖੰਭ ਹਿਲਾਂਦਾ ਏ।
ਬੇਬੇ ਜੀ ਨੇ ਨਾਮ ਹੈ ਰੱਖਿਆ ਚੀਟੂ ਨਿਆਰਾ ਜੀ।
ਸਾਡੇ ਵਾਂਗੂੰ ਸਭ ਨੂੰ ਲਗਦਾ ਬਹੁਤ ਪਿਆਰਾ ਜੀ।
ਅੰਮ੍ਰਿਤ ਵੇਲੇ ਰਾਮ ਵਾਹਿਗੁਰੂ ਬੋਲ ਉਠਾ ਦਿੰਦਾ।
ਜੇ ਕੋਈ ਨਹੀਂ ਉੱਠਦਾ ਪਾ ਪਾ ਸ਼ੋਰ ਜਗਾ ਦਿੰਦਾ।
ਪਿੰਜਰੇ ਵਿੱਚੋਂ ਬਾਹਰ ਉਸਨੂੰ ਕੱਢਦੇ ਹਾਂ ਜਦ ਵੀ।
ਘੁੰਮ ਘੁੰਮਾਕੇ ਮਾਰ ਉਡਾਰੀ ਮੁੜ ਆਵੇ ਤਦ ਵੀ।
ਜਦ ਮੈਂ ਚੂਰੀ ਕੁੱਟ ਖਆਵਾਂ, ਸੌਂ ਜਾਂਦਾ ਰੱਜ ਕੇ।
ਬੰਦਿਆਂ ਵਾਂਗੂੰ ਖ਼ੂਬ ਘਰਾੜ੍ਹੇ ਮਾਰੇ ਜੀ ਦੱਬ ਕੇ।
ਵੱਡਾ ਵੀਰਾ ਜਦ ਵੀ ਨਲ੍ਕੇ ਕੋਲ ਬਿਠਾਵੇਗਾ।
ਬੱਠਲ ਦੇ ਪਾਣੀ ਵਿੱਚ ਵੜ੍ਹਕੇ ਖ਼ੂਬ ਨਹਾਵੇਗਾ।
ਜਾਨ ਸਾਡੇ ਪ੍ਰੀਵਾਰ ਦੀ ਲੱਗੇ ਸੋਹਣਾ ਤੋਤਾ ਜੀ।
ਸਭਨਾ ਦਾ ਹੀ ਮਨ ਮੋਹ ਲੈਂਦਾ ਹੈ ਮਨਮੋਤਾ ਜੀ।
"ਲੱਖੇ" ਸਲੇਮਪੁਰੇ ਵਾਲੇ ਦਾ, ਸਾਥੀ ਬਣਿਆਂ ਏ।
ਉਸ ਨੂੰ ਲੱਖ ਵਧਾਈ ਹੋਵੇ ਜਿਸ ਮਾਂ ਜਣਿਆਂ ਏ।
ਲਖਵਿੰਦਰ ਸਿੰਘ ਲੱਖਾ ਸਲੇਮਪੁਰੀ