ਅੱਜ ਤੱਕ ਮੈਨੂੰ ਭੁੱਲੀ ਨਾ ਬਰਬਾਦੀ ਉਹ।
ਦੱਸੋ ਕਿਹੜੇ ਕੰਮ ਦੀ ਸੀ ਅਜ਼ਾਦੀ ਉਹ।
ਸੰਨ ਸੰਤਾਲੀ ਵਰਤਿਆ ਬੱਸ ਗਰੀਬਾਂ ਤੇ,
ਮਹਿਲਾਂ ਅੰਦਰ ਬੈਠੇ ਰਹੇ ਨਵਾਬੀ ਉਹ।
ਧੀ ਭੈਣਾਂ ਦੀ ਇੱਜਤ ਲੋਅ ਚ' ਲੁੱਟੀ ਗਈ,
ਜ਼ਾਲਮ ਹੋਏ ਕਬਾਬੀ ਅਤੇ ਸ਼ਰਾਬੀ ਉਹ।
ਧਨੀ ਲੋਕ ਤਾਂ ਵੇਖਦੇ ਰਹੇ ਤਮਾਸ਼ਾ ਹਾਏ,
ਲੋਟੂਆਂ ਅੱਤ ਮਚਾਈ ਬੇ-ਹਿਸਾਬੀ ਉਹ।
ਮਾਪਿਆਂ ਤੋਂ ਵੱਖ ਹੋਏ ਧੀ ਪੁੱਤ ਮਿਲੇ ਨਹੀਂ,
ਭੈਣ ਭਾਈ ਦੀ ਮੁੱਕੀ ਚਮਕ ਗ਼ੁਲਾਬੀ ਉਹ।
ਕਿਹੜੇ ਚੰਦਰੇ ਲੂਣ ਸੇਵੀਂਆਂ ਵਿੱਚ ਪਾਤਾ,
ਵਿੱਚ ਪਲਾਂ ਦੇ ਮੁੱਕੀ ਸਾਂਝ ਪੰਜਾਬੀ ਉਹ।
ਵੱਢ ਟੁੱਕ ਤੇ ਮਾਰ ਧਾੜ ਹਾਏ ਮੱਚੀ ਬਈ,
ਰੋਂਦੀ ਤੇ ਕੁਰਲਾਉਂਦੀ ਰਹੀ ਮਾਂ ਭਾਬੀ ਉਹ।
ਵੈਣ ਪਏ ਹਰ ਘਰ ਵੱਜੀ ਸ਼ਹਿਨਾਈ ਨਹੀਂ,
ਹੁੰਦੀ ਹੁੰਦੀ ਅੱਧ ਚ' ਰਹਿ ਗਈ ਸ਼ਾਦੀ ਉਹ।
ਐਪਰ ਜਦ ਬਾਬੇ ਨਾਨਕ ਦਾ ਦਰ ਖੁੱਲਿਆ,
ਮੁੱਕਦੀ ਜਾਂਦੀ ਈਰਖ਼ਾ ਵੈਰ ਖ਼ਰਾਬੀ ਉਹ।
ਦਿੱਲੀ ਅਤੇ ਲਹੌਰ ਦਾ ਮੇਲ ਹੋ ਜਾਏ ਰੱਬਾ,
"ਲੱਖੇ" ਸਲੇਮਪੁਰੀ ਦੀ ਸੋਚ ਸ਼ਤਾਬੀ ਉਹ।
ਲਖਵਿੰਦਰ ਸਿੰਘ ਲੱਖਾ ਸਲੇਮਪੁਰੀ