ਗੀਤ " ਬਾਬੇ "
ਮੇਰੇ ਬਾਬੇ ਬੋਹੜ ਦੀਆਂ ਛਾਂਵਾਂ, ਯੁੱਗ-ਯੁੱਗ ਜਿਉਣ ਮਾਲਕਾ ਜੀ ।
ਹੱਸਣ, ਖੇਡਣ ਖੁਸ਼ੀਆ ਮਾਨਣ, ਦੁੱਖ ਨਾ ਆਉਣ ਮਾਲਕਾ ਜੀ।
ਬਾਬੇ ਹੋਵਣ ਘਰ ਦਾ ਜਿੰਦਾ, ਜੇ ਕੋਈ ਕਦਰ ਪਛਾਣੇ ਤਾਂ ।
ਚੰਗੀਆਂ ਗੱਲਾਂ ਇਨਾਂ ਤੋਂ ਸਿੱਖਦੇ ਹੁੰਦੇ ਸਦਾ ਨਿਆਣੇ ਤਾਂ ।
ਕਿਵੇਂ ਦੁੱਖ-ਸੁੱਖ ਹੱਸਕੇ ਜਰਨਾ, ਏ ਸਿਖਾਉਣ ਮਾਲਕਾ ਜੀ,
ਮੇਰੇ ਬਾਬੇ ਬੋਹੜ ਦੀਆਂ ਛਾਂਵਾਂ, ਯੁੱਗ-ਯੁੱਗ................॥
ਬਾਬੇ ਰੌਣਕ ਪਿੰਡ ਦੀ ਹੁੰਦੇ, ਜੁੜਕੇ ਸੱਥ 'ਚ ਬਹਿੰਦੇ ਨੇ ।
ਇਹਨਾਂ ਨਾਲ਼ ਹੀ ਲੋਕਾਂ ਵਿੱਚ ਭਾਈਚਾਰੇ ਰਹਿੰਦੇ ਨੇ ।
ਰੱਖਣ ਖਿਆਲ ਸਦਾ ਨੂੰਹ-ਧੀ ਦਾ, ਫਰਜ ਨਿਭਾਉਣ ਮਾਲਕਾ ਜੀ ।
ਮੇਰੇ ਬਾਬੇ ਬੋਹੜ ਦੀਆਂ ਛਾਂਵਾਂ, ਯੁੱਗ-ਯੁੱਗ................॥
ਬਾਬਿਆਂ ਨਾਲ਼ ਹੀ ਤਿੱਥ -ਤਿਉਹਾਰ ਤੇ ਛਿੰਝਾਂ-ਮੇਲੇ ਨੇ ।
ਰੱਖਣ ਤਜਰਵੇ ਮਿੱਠੇ-ਕੌੜੇ, ਇਹਨਾਂ ਹੰਢਾਏ ਵੇਲ਼ੇ ਨੇ ।
ਏ ਤਾਂ ਬਣਨ ਗਵਾਹ ਇਤਿਹਾਸ ਦਾ,ਸੱਚ ਸੁਣਾਉਣ ਮਾਲਕਾ ਜੀ ।
ਮੇਰੇ ਬਾਬੇ ਬੋਹੜ ਦੀਆਂ ਛਾਂਵਾਂ, ਯੁੱਗ-ਯੁੱਗ................॥
ਬਾਬਿਆਂ ਦਾ ਹੱਥ ਬੱਚਿਆਂ ਦੇ ਸਿਰ ਰਹਿਣਾ ਚਾਹੀਦਾ ।
" ਰਾਜਲਹੇੜੀ " ਨੂੰ ਅਨਮੋਲ ਏਹ ਗਹਿਣਾ ਚਾਹੀਦਾ ।
" ਸੰਧੂ " ਕਹਿੰਦਾ ਲੰਮੀਆਂ ਉਮਰਾਂ ਇਨਾਂ ਦੀਆਂ ਹੋਣ ਮਾਲਕਾ ਜੀ,
ਮੇਰੇ ਬਾਬੇ ਬੋਹੜ ਦੀਆਂ ਛਾਂਵਾਂ, ਯੁੱਗ-ਯੁੱਗ................॥
ਲੇਖਕ:- ਹਰਜਿੰਦਰ ਸੰਧੂ ਰਾਜਲਹੇੜੀ
ਮੋਬਾ:- 94634-63547