ਮਾਂ ਕੋਲੋਂ ਬੱਚਿਆਂ ਦਾ ਕਦੇ ਵਸਾਹ ਨੀਂ ਹੁੰਦਾ,
ਪਿਆਰ 'ਚ ਦਿੱਤੇ ਤੋਹਫੇ ਦਾ ਕੋਈ ਭਾਅ ਨੀਂ ਹੁੰਦਾ।
ਬਿਨਾਂ ਨਸ਼ੇ ਤੋਂ ਜਿਸ ਦੀ ਗਾਇਕੀ ਝੂਮਣ ਲਾ ਦੇਵੇ,
ਉਸ ਗਾਇਕ ਤੋਂ ਮਾੜਾ ਕਦੇ ਵੀ ਗਾ ਨੀਂ ਹੁੰਦਾ।
ਚਿੱਟੇ ਕੱਪੜੇ ਪਾਉਣ ਵਾਲਾ ਹੀ ਸ਼ਾਹ ਨਹੀਂ ਹੁੰਦਾ,
ਦਸਾਂ ਨਹੁੰਆਂ ਦੀ ਕਰਨਾ ਕਿਰਤ ਗੁਨਾਹ ਨੀਂ ਹੁੰਦਾ।
ਝੂਠੀ ਤੁਹਮਤ ਲਾਵੇ ਕੋਈ ਬੰਦੇ ਦਾਨੇ ਤੇ,
ਰੱਬ ਤੁਹਮਤਾਂ ਨਾਲ ਕਦੇ ਗੁਮਰਾਹ ਨੀਂ ਹੁੰਦਾ।
ਪਹਾੜੋਂ ਭਾਰੀ ਹੋਵੇ ਜਦੋਂ ਕਬੀਲਦਾਰੀ, ਚੰਗਾ ਚਿੱਟਾ ਬਾਣਾ ਓਦੋਂ ਪਾ ਨਹੀਂ ਹੁੰਦਾ।
ਹੱਡ ਤੋੜ ਜੇ ਕੀਤੀਆਂ ਹੋਣ ਕਮਾਈਆਂ ਤਾਂ
ਆਪਣੇ ਹੱਥੀਂ ਵਾਧੂ ਪੈਸਾ ਲਾ ਨੀ ਹੁੰਦਾ
ਠੋਕਰ ਵੱਜ ਕੇ ਡਿੱਗੇ ਨੂੰ ਝੱਟ ਚੁੱਕ ਲਈਏ,
ਨਜ਼ਰਾਂ ਵਿੱਚੋਂ ਡਿੱਗਿਆ ਫੇਰ ਉਠਾ ਨੀਂ ਹੁੰਦਾ।
ਕਰਦੇ ਲੋਕ ਵਿਖਾਵੇ ਫੋਕੀ ਵਾਹ - ਵਾਹ ਨੂੰ।
ਫੋਕੀ ਵਕਤੀ ਵਾਹ-ਵਾਹ ਵਿੱਚ ਪਰ ਚਾਅ ਨੀ ਹੁੰਦਾ।
ਮੀਤ ਜਿਉਂਦੇ ਰਹਿਣ ਸਦਾ ਪੁੱਤ ਮਾਵਾਂ ਦੇ ,
ਪੁੱਤਰ ਮੋਇਆਂ ਜੀਵਨ ਫੇਰ ਲੰਘਾ ਨੀ ਹੁੰਦਾ।
ਲੋਕੋ ਕਰੋ ਤਰੱਕੀਆਂ ਬੇਸ਼ੱਕ ਅੰਬਰੀਂ ਟਾਕੀ ਲਾ ਲਓ,
ਪਰ ਯਾਦ ਰੱਖਿਓ ਬੰਦਾ ਕਦੇ ਖ਼ੁਦਾ ਨੀ ਹੁੰਦਾ।
ਜਗਮੀਤ ਕੌਰ (ਪੰਜਾਬੀ ਮਿਸਟ੍ਰੈਸ)